ਅਗਲੇ ਸਾਲ ਤੋਂ ਸਿੰਗਲ ਯੂਜ਼ ਪਲਾਸਟਿਕ ਬੈਨ, ਕੇਂਦਰ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

Saturday, Aug 14, 2021 - 01:37 AM (IST)

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਪਲਾਸਟਿਕ ਕੂੜਾ ਪ੍ਰਬੰਧਨ ਸੋਧ ਨਿਯਮ-2021 ਨੂੰ ਨੋਟੀਫਾਈ ਕਰ ਦਿੱਤਾ ਹੈ ਜਿਸ ਦੇ ਤਹਿਤ 1 ਜੁਲਾਈ 2022 ਤੋਂ ਲਾਲੀਪਾਪ ਦੀ ਡੰਡੀ, ਪਲੇਟ, ਕੱਪ ਅਤੇ ਕਟਲਰੀ ਸਮੇਤ ਸਿੰਗਲ ਯੂਜ਼ ਪਲਾਸਟਿਕ ਦੇ ਤੌਰ 'ਤੇ ਚਿੰਨ੍ਹਿਤ ਵਸਤਾਂ ਦੇ ਉਤਪਾਦਨ, ਆਯਾਤ, ਭੰਡਾਰਣ, ਵੰਡ ਅਤੇ ਵਿਕਰੀ 'ਤੇ ਰੋਕ ਹੋਵੇਗੀ।

12 ਅਗਸਤ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ, ਸਾਮਾਨ ਲੈ ਜਾਣ ਲਈ ਇਸਤੇਮਾਲ ਹੋਣ ਵਾਲੇ ਪਲਾਸਟਿਕ ਬੈਗ ਦੀ ਮੋਟਾਈ 30 ਸਤੰਬਰ 2021 ਤੋਂ 50 ਮਾਈਕਰੋਨ ਤੋਂ ਵਧਾਕੇ 75 ਮਾਈਕਰੋਨ ਕੀਤੀ ਜਾਵੇਗੀ ਅਤੇ 31 ਦਸੰਬਰ 2022 ਤੋਂ ਇਹ ਮੋਟਾਈ 120 ਮਾਈਕਰੋਨ ਹੋਵੇਗੀ। ਇਸ ਨਾਲ ਪਲਾਸਟਿਕ ਦੇ ਬੈਗ ਦੇ ਦੁਬਾਰਾ ਇਸਤੇਮਾਲ ਨੂੰ ਬੜਾਵਾ ਮਿਲੇਗਾ। ਨੋਟੀਫਿਕੇਸ਼ਨ ਮੁਤਾਬਕ 30 ਸਤੰਬਰ 2021 ਤੋਂ ਗੈਰ ਬੁਣੇ ਹੋਏ ਪਲਾਸਟਿਕ ਬੈਗ ਦਾ ਭਾਰ 60 ਗ੍ਰਾਮ ਪ੍ਰਤੀ ਵਰਗ ਮੀਟਰ ਤੋਂ ਘੱਟ ਨਹੀਂ ਹੋਵੇਗਾ।

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ, ‘‘ਇੱਕ ਜੁਲਾਈ 2022 ਤੋਂ ਪੌਲੀਸਟਾਈਰੀਨ ਅਤੇ ਲਚਕਦਾਰ ਪੌਲੀਸਟਾਈਰੀਨ ਸਮੇਤ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ, ਆਯਾਤ, ਭੰਡਾਰਣ, ਵੰਡ, ਵਿਕਰੀ ਅਤੇ ਇਸਤੇਮਾਲ 'ਤੇ ਰੋਕ ਹੋਵੇਗੀ। ਪਲਾਸਟਿਕ ਦੀ ਡੰਡੀ ਯੁਕਤ ਈਅਰ ਬੱਡ, ਗੁੱਬਾਰੇ ਦੀ ਪਲਾਸਟਿਕ ਨਾਲ ਬਣੀ ਡੰਡੀ, ਪਲਾਸਟਿਕ ਦੇ ਝੰਡੇ, ਲਾਲੀਪਾਪ ਅਤੇ ਆਈਸਕ੍ਰੀਮ ਦੀ ਡੰਡੀ, ਸਜਾਵਟ ਵਿੱਚ ਇਸਤੇਮਾਲ ਹੋਣ ਵਾਲੇ ਪੌਲੀਸਟਾਈਰੀਨ (ਥਰਮਾਕੋਲ), ਪਲੇਟ, ਕੱਪ, ਗਲਾਸ, ਕਟਲਰੀ ਵਰਗੇ ਕਾਂਟੇ, ਚਾਕੂ, ਚੱਮਚ, ਮਠਿਆਈ ਦੇ ਡਿੱਬਿਆਂ ਵਿੱਚ ਇਸਤੇਮਾਲ ਪਲਾਸਟਿਕ, 100 ਮਾਈਕਰੋਨ ਤੋਂ ਘੱਟ ਮੋਟੇ ਪਲਾਸਟਿਕ ਜਾਂ ਪੀ.ਵੀ.ਸੀ. ਦੇ ਬੈਨਰ ਆਦਿ 'ਤੇ ਰੋਕ ਹੋਵੇਗੀ।’’

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News