ਫ੍ਰੈਂਚ ਮੈਗਜ਼ੀਨ ਦਾ ਦਾਅਵਾ: ਰਾਫੇਲ ਡੀਲ ਲਈ ਦਿੱਤੀ ਗਈ ਸੀ 65 ਕਰੋੜ ਦੀ ਰਿਸ਼ਵਤ

Tuesday, Nov 09, 2021 - 11:23 AM (IST)

ਫ੍ਰੈਂਚ ਮੈਗਜ਼ੀਨ ਦਾ ਦਾਅਵਾ: ਰਾਫੇਲ ਡੀਲ ਲਈ ਦਿੱਤੀ ਗਈ ਸੀ 65 ਕਰੋੜ ਦੀ ਰਿਸ਼ਵਤ

ਨਵੀਂ ਦਿੱਲੀ, (ਭਾਸ਼ਾ)– ਸ਼ੁਰੂ ਤੋਂ ਹੀ ਵਿਵਾਦਾਂ ’ਚ ਰਹੀ ਰਾਫੇਲ ਡੀਲ ਨੂੰ ਲੈ ਕੇ ਇਕ ਹੋਰ ਵੱਡਾ ਦਾਅਵਾ ਕੀਤਾ ਗਿਆ ਹੈ। ਫ੍ਰੈਂਚ ਮੈਗਜ਼ੀਨ ‘ਮੀਡੀਆ ਪਾਰਟ’ ਨੇ ਦਾਅਵਾ ਕੀਤਾ ਹੈ ਕਿ ਰਾਫੇਲ ਡੀਲ ਲਈ ਜਹਾਜ਼ ਬਣਾਉਣ ਵਾਲੀ ‘ਡਸਾਲਟ ਏਵੀਏਸ਼ਨ’ ਕੰਪਨੀ ਨੇ 65 ਕਰੋੜ ਦੀ ਰਿਸ਼ਵਤ ਦਿੱਤੀ ਸੀ। ਰਿਪੋਰਟ ’ਚ ਇਸ ਗੱਲ ਦਾ ਵੀ ਦਾਅਵਾ ਕੀਤਾ ਗਿਆ ਹੈ ਕਿ ਰਿਸ਼ਵਤ ਦੀ ਇਸ ਖੇਡ ਦੀ ਜਾਣਕਾਰੀ ਭਾਰਤੀ ਏਜੰਸੀਆਂ ਸੀ. ਬੀ. ਆਈ. ਅਤੇ ਈ. ਡੀ. ਨੂੰ ਵੀ ਸੀ ਪਰ ਦੋਵੇਂ ਖਾਮੋਸ਼ ਰਹੀਆਂ। ਮੈਗਜ਼ੀਨ ਦਾ ਦਾਅਵਾ ਹੈ ਕਿ ਉਸ ਕੋਲ ਰਿਸ਼ਵਤ ਦੇ ਲੈਣ-ਦੇਣ ਨਾਲ ਜੁੜੇ ਸਾਰੇ ਸਬੂਤ ਹਨ।

ਇਹ ਵੀ ਪੜ੍ਹੋ– ਲਾਕਡਾਊਨ ਦੌਰਾਨ ਕਿਸਾਨਾਂ ਦੇ ਮੁਕਾਬਲੇ ਵਪਾਰੀਆਂ ਨੇ ਕੀਤੀਆਂ ਜ਼ਿਆਦਾ ਆਤਮਹੱਤਿਆਵਾਂ

‘ਮੀਡੀਆ ਪਾਰਟ’ ਦੀ ਰਿਪੋਰਟ ਅਨੁਸਾਰ ਵਿਚੌਲੀਏ ਸੁਸ਼ੇਨ ਗੁਪਤਾ ਨੂੰ 65 ਕਰੋੜ ਦੀ ਰਾਸ਼ੀ ਰਿਸ਼ਵਤ ਦੇ ਰੂਪ ’ਚ ਦਿੱਤੀ ਗਈ ਸੀ। ਅਪ੍ਰੈਲ 2021 ਦੀ ਰਿਪੋਰਟ ’ਚ ਮੈਗਜ਼ੀਨ ਨੇ ਲਿਖਿਆ ਹੈ ਕਿ ਉਸ ਕੋਲ ਅਜਿਹੇ ਦਸਤਾਵੇਜ਼ ਹਨ, ਜਿਸ ’ਚ ਡਸਾਲਟ ਏਵੀਏਸ਼ਨ ਅਤੇ ਉਸ ਦੇ ਬਿਜ਼ਨੈੱਸ ਪਾਰਟਨਰ ਥੇਲਸ (ਇਕ ਰੱਖਿਆ ਇਲੈਕਟ੍ਰਾਨਿਕਸ ਫਰਮ) ਨੇ ਵਿਚੌਲੀਏ ਸੁਸ਼ੇਨ ਨੂੰ ਡੀਲ ਕਰਵਾਉਣ ਲਈ ਗੁਪਤ ਕਮਿਸ਼ਨ ਦੇ ਰੂਪ ’ਚ 65 ਕਰੋੜ ਰੁਪਏ ਟ੍ਰਾਂਸਫਰ ਕੀਤੇ ਹਨ। ਰਿਸ਼ਵਤ ਇਸ ਲਈ ਦਿੱਤੀ ਗਈ ਤਾਂ ਕਿ ਭਾਰਤ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਦੀ ਡੀਲ ਬਿਨਾਂ ਕਿਸੇ ਰੁਕਾਵਟ ਦੇ ਹੋ ਸਕੇ।

ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਏਜੰਸੀਆਂ (ਸੀ. ਬੀ. ਆਈ. ਅਤੇ ਈ. ਡੀ.) ਕੋਲ ਇਸ ਡੀਲ ਨਾਲ ਜੁੜੇ ਰਿਸ਼ਵਤ ਨਾਲ ਸਬੰਧਤ ਦਸਤਾਵੇਜ਼ ਵੀ ਮੌਜੂਦ ਸਨ ਪਰ ਇਨ੍ਹਾਂ ਏਜੰਸੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ। ਰਿਸ਼ਵਤ ਕਾਂਡ ’ਚ ਆਫਸ਼ੋਰ ਕੰਪਨੀਆਂ, ਸ਼ੱਕੀ ਕਰਾਰ ਅਤੇ ਫੇਕ ਚਾਲਾਨ ਨੂੰ ਸ਼ਾਮਲ ਕੀਤਾ ਗਿਆ ਸੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਸੰਘੀ ਪੁਲਸ ਬਲ, ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਕੋਲ ਇਸ ਮਾਮਲੇ ’ਚ ਅਕਤੂਬਰ 2018 ਤੋਂ ਹੀ ਸਬੂਤ ਮੌਜੂਦ ਹਨ।

ਇਹ ਵੀ ਪੜ੍ਹੋ– ਪਬਲਿਕ Wi-Fi ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਲੀਕ ਹੋ ਸਕਦੈ ਨਿੱਜੀ ਡਾਟਾ


author

Rakesh

Content Editor

Related News