''ਆਪਰੇਸ਼ਨ ਸਿੰਦੂਰ'' ਦੀ ਸਫ਼ਲਤਾ ਮਗਰੋਂ ਭਾਰਤੀ ਹਥਿਆਰਾਂ ਦਾ ਫ਼ੈਨ ਹੋਈ ਫਰੈਂਚ ਫ਼ੌਜ ! ਖ਼ਰੀਦਣ ''ਚ ਦਿਖਾਈ ਦਿਲਚਸਪੀ
Tuesday, Oct 14, 2025 - 10:50 AM (IST)

ਇੰਟਰਨੈਸ਼ਨਲ ਡੈਸਕ- 'ਆਪਰੇਸ਼ਨ ਸਿੰਦੂਰ' ਦੌਰਾਨ ਪੂਰੀ ਦੁਨੀਆ ਨੇ ਭਾਰਤ ਦੀ ਤਾਕਤ ਦੇਖੀ ਹੈ। ਹੁਣ ਫਰਾਂਸ ਨੇ ਭਾਰਤੀ ਫੌਜ ਦੀਆਂ ਸਵਦੇਸ਼ੀ ਲੰਬੀ-ਰੇਂਜ ਦੇ ਰਾਕੇਟ ਸਿਸਟਮ, ਲੂਇਟਰਿੰਗ ਮਿਊਨੀਸ਼ਨਾਂ (loitering munitions) ਅਤੇ ਕਾਊਂਟਰ-ਡਰੋਨ ਸਿਸਟਮਾਂ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ ਹੈ।
ਫਰਾਂਸ ਦੇ ਫੌਜ ਮੁਖੀ ਜਨਰਲ ਪੀਅਰੇ ਸ਼ਿਲ (General Pierre Schill), ਜਿਨ੍ਹਾਂ ਨੇ ਹਾਲ ਹੀ ਵਿੱਚ ਭਾਰਤੀ ਫੌਜ ਮੁਖੀ ਜਨਰਲ ਉਪੇਂਦਰ ਦ੍ਰਿਵੇਦੀ ਨਾਲ ਮੁਲਾਕਾਤ ਕੀਤੀ ਸੀ, ਨੇ ਕਿਹਾ ਕਿ ਉਹ ਭਾਰਤੀ ਹਥਿਆਰ ਪ੍ਰਣਾਲੀਆਂ ਨੂੰ ਦੇਖਣ ਵਿੱਚ ਦਿਲਚਸਪੀ ਰੱਖਦੇ ਹਨ। ਜਨਰਲ ਸ਼ਿਲ ਨੇ ਦੱਸਿਆ ਕਿ ਉਹ ਇਸ ਸਮੇਂ ਆਪਣੀਆਂ ਲੰਬੀ-ਰੇਂਜ ਦੀਆਂ ਤੋਪਖਾਨਾ ਪ੍ਰਣਾਲੀਆਂ (long-range artillery systems) ਦਾ ਨਵੀਨੀਕਰਨ ਕਰ ਰਹੇ ਹਨ।
ਉਨ੍ਹਾਂ ਨੇ ਖਾਸ ਤੌਰ 'ਤੇ ਸਵਦੇਸ਼ੀ 'ਪਿਨਾਕਾ ਰਾਕੇਟ ਪ੍ਰਣਾਲੀਆਂ' ਦੇ ਲੰਬੀ-ਰੇਂਜ ਵਾਲੇ ਸੰਸਕਰਣ ਨੂੰ ਖਰੀਦਣ ਵਿੱਚ ਦਿਲਚਸਪੀ ਜ਼ਾਹਰ ਕੀਤੀ ਹੈ, ਜੋ ਕਿ ਬਹੁਤ ਸਹੀ ਅਤੇ ਲਾਗਤ-ਪ੍ਰਭਾਵਸ਼ਾਲੀ (cost effective) ਸਾਬਤ ਹੋਏ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਰਤੀ ਫੌਜ ਇਨ੍ਹਾਂ ਪ੍ਰਣਾਲੀਆਂ ਦੀ ਵਰਤੋਂ ਬਹੁਤ ਸਹੀ ਢੰਗ ਨਾਲ ਕਰ ਰਹੀ ਹੈ, ਜਿਸ ਦੀ ਸਮਰੱਥਾ 'ਆਪ੍ਰੇਸ਼ਨ ਸਿੰਦੂਰ' ਦੌਰਾਨ ਪੂਰੀ ਦੁਨੀਆ ਨੇ ਵੇਖੀ ਸੀ।
ਇਹ ਵੀ ਪੜ੍ਹੋ- ''ਨੋਬਲ ਲਈ ਨਹੀਂ, ਲੋਕਾਂ ਦੀ ਜਾਨ ਬਚਾਉਣ ਲਈ...'' , ਟਰੰਪ ਨੇ ਮੁੜ ਲਿਆ ਭਾਰਤ-ਪਾਕਿ ਜੰਗ ਰੁਕਵਾਉਣ ਦਾ ਕ੍ਰੈਡਿਟ
ਹਥਿਆਰਾਂ ਦੀ ਖਰੀਦ ਤੋਂ ਇਲਾਵਾ ਜਨਰਲ ਸ਼ਿਲ ਨੇ ਦੱਸਿਆ ਕਿ ਦੋਵੇਂ ਦੇਸ਼ ਉੱਭਰ ਰਹੇ ਜੰਗੀ ਮੈਦਾਨਾਂ ਲਈ ਸਮਰੱਥਾਵਾਂ ਨੂੰ ਸਹਿ-ਵਿਕਸਤ (co-developing capabilities) ਕਰਨ 'ਤੇ ਵਿਚਾਰ ਕਰ ਸਕਦੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਇਲੈਕਟ੍ਰਾਨਿਕ ਵਾਰਫੇਅਰ ਉਹ ਖੇਤਰ ਹਨ ਜਿੱਥੇ ਦੋਵਾਂ ਫੌਜਾਂ ਦੀ ਸਮਰੱਥਾ ਕਾਰਨ ਸਹਿਯੋਗ ਬਹੁਤ ਕੁਸ਼ਲ ਹੋ ਸਕਦਾ ਹੈ। ਜਨਰਲ ਸ਼ਿਲ ਨੇ ਕਾਊਂਟਰ-ਡਰੋਨ ਸਮਰੱਥਾਵਾਂ ਨੂੰ ਵੀ ਸਹਿਯੋਗ ਦਾ ਇੱਕ ਹੋਰ ਖੇਤਰ ਦੱਸਿਆ।
ਦੋਵੇਂ ਦੇਸ਼ਾਂ ਦੀਆਂ ਫੌਜਾਂ ਸਾਲਾਨਾ ਸਿਖਲਾਈ ਅਭਿਆਸਾਂ ਨੂੰ ਸੰਸਥਾਗਤ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜੋ ਕਿ 'ਸ਼ਕਤੀ ਸੀਰੀਜ਼' (Shakti series) 'ਤੇ ਅਧਾਰਤ ਹੋਵੇਗਾ। ਸਾਂਝੀ ਸਿਖਲਾਈ ਦੀ ਗੁੰਝਲਤਾ ਵਧਾਉਣ 'ਤੇ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਯੂ.ਏ.ਵੀ. ਸਿਖਲਾਈ, ਕਾਊਂਟਰ-ਡਰੋਨ ਆਪਰੇਸ਼ਨ ਅਤੇ ਇਲੈਕਟ੍ਰਾਨਿਕ ਵਾਰਫੇਅਰ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਕਦਮ ਭਾਰਤ ਦੇ ਸਵਦੇਸ਼ੀ ਰੱਖਿਆ ਉਦਯੋਗ ਲਈ ਇੱਕ ਵੱਡੀ ਉਪਲਬਧੀ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e