ਸਲਫੀ ਵਹਾਬੀ ਵਿਚਾਰਧਾਰਾ ਨਾਲ ਨੌਜਵਾਨਾਂ ਦਾ ‘ਬ੍ਰੇਨਵਾਸ਼’ ਕਰ ਰਹੀ ਪੀ. ਐੱਫ. ਆਈ.

Friday, Sep 23, 2022 - 12:05 PM (IST)

ਸਲਫੀ ਵਹਾਬੀ ਵਿਚਾਰਧਾਰਾ ਨਾਲ ਨੌਜਵਾਨਾਂ ਦਾ ‘ਬ੍ਰੇਨਵਾਸ਼’ ਕਰ ਰਹੀ ਪੀ. ਐੱਫ. ਆਈ.

ਨਵੀਂ ਦਿੱਲੀ– ਸੰਗਠਨਾਂ ਨੇ ਵੱਖ-ਵੱਖ ਜਗ੍ਹਾ ’ਤੇ ਪਾਪੁਲਰ ਫਰੰਟ ਆਫ ਇੰਡੀਆ (ਪੀ. ਐੱਫ. ਆਈ.) ਦੇ ਵਰਕਰਾਂ ਦੀ ਗ੍ਰਿਫਤਾਰੀ ’ਤੇ ਮਿਲੀ-ਜੁਲੀ ਪ੍ਰਤੀਕਿਰਿਆ ਦਿੰਦੇ ਹੋਏ ਵਿਸ਼ੇਸ਼ ਰੂਪ ਨਾਲ ਮੁਸਲਿਮ ਨੌਜਵਾਨਾਂ ਨੂੰ ਹੌਸਲਾ ਰੱਖਣ ਦੀ ਅਪੀਲ ਕੀਤੀ ਹੈ।

ਆਲ ਇੰਡੀਆ ਤੰਜੀਮ ਉਲੇਮਾ ਏ ਇਸਲਾਮ ਦੇ ਚੇਅਰਮੈਨ ਮੁਫਤੀ ਅਸ਼ਫਾਕ ਹੁਸੈਨ ਕਾਦਰੀ, ਕੁਲ ਹਿੰਦ ਮਰਕਜੀ ਇਮਾਮ ਕਾਊਂਸਿਲ ਦੇ ਚੇਅਰਮੈਨ ਸਈਅਦ ਮੁਹੰਮਦ ਰਿਜਵੀ ਅਤੇ ਮੁਸਲਿਮ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ ਦੇ ਚੇਅਰਮੈਨ ਡਾਕਟਰ ਸ਼ੁਜਾਤ ਅਲੀ ਕਾਦਰੀ ਨੇ ਇਕ ਬਿਆਨ ਵਿਚ ਕਿਹਾ ਕਿ ਜੇਕਰ ਇਹ ਕਾਰਵਾਈ ਕਾਨੂੰਨ ਦੀ ਪਾਲਣਾ ਅਤੇ ਅੱਤਵਾਦ ਦੀ ਰੋਕਥਾਮ ਲਈ ਕੀਤੀ ਜਾ ਰਹੀ ਹੈ ਤਾਂ ਇਨ੍ਹਾਂ ਸਾਰਿਆਂ ਨੂੰ ਹੌਸਲੇ ਨਾਲ ਕੰਮ ਲੈਣਾ ਚਾਹੀਦਾ ਹੈ।

ਸੰਗਠਨਾਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ’ਤੇ ਹੱਤਿਆ, ਹਿੰਸਾ ਅਤੇ ਹਥਿਆਰ ਰੱਖਣ ਵਰਗੇ ਗੰਭੀਰ ਦੋਸ਼ ਹਨ ਪਰ ਇਨ੍ਹਾਂ ਨੂੰ ਅਦਾਲਤ ਵਿਚ ਸਾਬਿਤ ਕਰਨਾ ਹੋਵੇਗਾ। ਸਾਰੇ ਸੰਗਠਨਾਂ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੀ. ਐੱਫ. ਆਈ. ਦੀਆਂ ਦੇਸ਼-ਵਿਰੋਧੀ ਸਰਗਰਮੀਆਂ ਦੀਆਂ ਖਬਰਾਂ ਆ ਰਹੀਆਂ ਹਨ। ਦੇਸ਼ ਦੇ ਮੁਸਲਮਾਨਾਂ ਲਈ ਇਹ ਵਿਚਾਰਣਯੋਗ ਬਿੰਦੂ ਹੈ ਕਿ ਮੂਲ ਰੂਪ ਵਿਚ ਸਲਫੀ ਵਹਾਬੀ ਵਿਚਾਰਧਾਰਾ ਨਾਲ ਨੌਜਵਾਨਾਂ ਦਾ ‘ਬ੍ਰੇਨਵਾਸ਼’ ਕਰਨ ਦੇ ਪੀ. ਐੱਫ. ਆਈ. ’ਤੇ ਲੱਗੇ ਦੋਸ਼ਾਂ ’ਤੇ ਗੌਰ ਕਰਦੇ ਹੋਏ ਮੁਸਲਮਾਨਾਂ ਨੂੰ ਦੇਸ਼ ਵਿਚ ਸਥਿਰਤਾ ਅਤੇ ਸ਼ਾਂਤੀ ਦੇ ਯਤਨਾਂ ਵਿਚ ਮਦਦ ਕਰਨੀ ਚਾਹੀਦੀ ਹੈ। ਸਾਰੇ ਸੰਗਠਨਾਂ ਦਾ ਕਹਿਣਾ ਹੈ ਕਿ ਪੀ. ਐੱਫ. ਆਈ. ਅਤੇ ਅਜਿਹੇ ਸਲਫੀ ਵਹਾਬੀ ਸੰਗਠਨ ਦੇਸ਼ ਦੀ ਸੂਫੀ ਬਹੁ-ਆਬਾਦੀ ਦੀ ਮੂਲ ਵਿਚਾਰਧਾਰਾ ਵਿਰੁੱਧ ਉਨ੍ਹਾਂ ਨੂੰ ਵਰਗਲਾਉਣਾ ਚਾਹੁੰਦੇ ਹਨ ਅਤੇ ਇਹ ਸਥਿਤੀ ਇਸਲਾਮ, ਦੇਸ਼ ਅਤੇ ਮਨੁੱਖਤਾ ਦੇ ਹਿੱਤ ਵਿਚ ਨਹੀਂ ਹੈ। ਸੰਗਠਨਾਂ ਨੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਨੂੰ ਦੇਸ਼ ਦੀ ਨਿਆਇਕ ਵਿਵਸਥਾ, ਕਾਨੂੰਨ ਅਤੇ ਸੰਵਿਧਾਨ ਵਿਚ ਭਰੋਸਾ ਹੈ ਅਤੇ ਕਿਸੇ ਨਾਲ ਵੀ ਨਾਇਨਸਾਫੀ ਨਹੀਂ ਹੋਵੇਗੀ।

ਜ਼ਿਕਰਯੋਗ ਹੈ ਕਿ ਆਲ ਇੰਡੀਆ ਤੰਜੀਮ ਉਲੇਮਾ ਏ ਇਸਲਾਮ ਅਤੇ ਐੱਮ. ਐੱਸ. ਓ. ਨੇ 2018 ਵਿਚ ਤਤਕਾਲੀਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਪੀ. ਐੱਫ. ਆਈ. ’ਤੇ ਪਾਬੰਦੀ ਲਗਾਉਣ ਦੀ ਸਭ ਤੋਂ ਪਹਿਲਾਂ ਮੰਗ ਕੀਤੀ ਸੀ।


author

Rakesh

Content Editor

Related News