ਪੀ. ਐੱਮ. ਮੋਦੀ ਦੀ ਫੋਟੋ ਵਾਲੇ ਰੇਲ ਟਿਕਟ ਮਾਮਲੇ 'ਚ 4 ਸਸਪੈਂਡ
Tuesday, Apr 16, 2019 - 11:39 AM (IST)
ਲਖਨਊ-ਉੱਤਰ ਰੇਲਵੇ ਦੇ ਬਾਰਾਬੰਕੀ ਸਟੇਸ਼ਨ 'ਤੇ ਰਿਜ਼ਰਵ ਟਿਕਟ 'ਤੇ ਪੀ. ਐੱਮ. ਮੋਦੀ ਦਾ ਫੋਟੋ ਛਪਿਆ ਹੋਣ ਦੇ ਮਾਮਲੇ 'ਚ ਰੇਲਵੇ ਨੇ ਵਣਜ ਇੰਸਪੈਕਟਰ ਸਮੇਤ ਚਾਰ ਰੇਲਵੇ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਰੇਲਵੇ ਬੋਰਡ ਨੇ ਪੁਰਾਣੇ ਟਿਕਟ ਰੋਲ ਦੀ ਵਰਤੋਂ ਕਰਨ 'ਤੇ ਵੀ ਰੋਕ ਲਗਾ ਦਿੱਤੀ ਹੈ।
ਰਿਪੋਰਟ ਮੁਤਾਬਕ ਬਾਰਾਬੰਕੀ ਰਿਜ਼ਰਵ ਕੇਂਦਰ 'ਤੇ ਤਾਇਨਾਤ ਰਿਜ਼ਰਵ ਕਰਮਚਾਰੀ ਚਿਤਰਾ ਕੁਮਾਰੀ ਨੇ 14 ਅਪ੍ਰੈਲ ਨੂੰ ਸਵੇਰੇ 10.34 ਵਜੇ ਇੱਕ ਯਾਤਰੀ ਟਿਕਟ ਬਣਾਇਆ। 13308 ਗੰਗਾ ਸਤਲੁਜ ਐਕਸਪ੍ਰੈਸ 'ਚ ਥਰਡ ਪਾਰਟੀ ਏ. ਸੀ. ਦਾ ਬਾਰਾਬੰਕੀ ਤੋਂ ਵਾਰਾਣਸੀ ਲਈ ਟਿਕਟ ਪੁਰਾਣੇ ਟਿਕਟ ਰੋਲ 'ਤੇ ਬਣਾਇਆ ਗਿਆ ਸੀ। ਟਿਕਟ 'ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦਾ ਵਿਗਿਆਪਨ ਅਤੇ ਟਿਕਟ ਦੇ ਪਿੱਛੇ ਪੀ. ਐੱਮ. ਨਰਿੰਦਰ ਮੋਦੀ ਦਾ ਫੋਟੋ ਵੀ ਛਪਿਆ ਹੋਇਆ ਸੀ। ਇਸ ਨੂੰ ਲੈ ਕੇ ਇੱਕ ਵਿਅਕਤੀ ਨੇ ਟਵੀਟ ਕਰ ਦਿੱਤਾ। ਮਾਮਲਾ ਬਾਰਾਬੰਕੀ ਜ਼ਿਲਾ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਦੇ ਨੋਟਿਸ 'ਚ ਆਉਂਦੇ ਹੀ ਰੇਲਵੇ ਪ੍ਰਸ਼ਾਸਨ ਸਰਗਰਮ ਹੋ ਗਿਆ। ਡੀ. ਆਰ. ਐੱਮ. ਸਤੀਸ਼ ਕੁਮਾਰ ਨੇ ਮੰਡਲ ਵਣਜ ਪ੍ਰਬੰਧਕ ਤੋਂ ਰਿਪੋਰਟ ਤਲਬ ਕਰਨ ਦੇ ਨਾਲ ਹੀ ਵਣਜ ਇੰਸਪੈਕਟਰ ਤਰੁਣਾ ਸ਼ਰਮਾ, ਰਿਜ਼ਰਵੇਸ਼ਨ ਸੁਪਰਵਾਇਜ਼ਰ ਸੁਰੇਸ਼ ਕੁਮਾਰ, ਰਿਜ਼ਰਵ ਕਲਰਕ ਚਿਤਰਾ ਕੁਮਾਰੀ ਅਤੇ ਚੀਫ ਰਿਜ਼ਰਵੇਸ਼ਨ ਸੁਪਰਵਾਇਜ਼ਰ ਉਕਾਰਨਾਥ ਨੂੰ ਸਸਪੈਂਡ ਕਰ ਦਿੱਤਾ।
ਏ. ਡੀ. ਐੱਮ. ਦੀ ਰਿਪੋਰਟ 'ਤੇ ਕਾਰਵਾਈ-
ਚੋਣ ਕਮਿਸ਼ਨ ਨੇ ਪੂਰੇ ਮਾਮਲੇ 'ਤੇ ਜ਼ਿਲਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਸੀ। ਇਸ ਤੋਂ ਬਾਅਦ ਡੀ. ਐੱਮ. ਨੇ ਏ. ਡੀ. ਐੱਮ. ਸੰਦੀਪ ਕੁਮਾਰ ਗੁਪਤਾ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ। ਏ. ਡੀ. ਐੱਮ. ਦੀ ਜਾਂਚ 'ਚ ਰਿਜ਼ਰਵੇਸ਼ਨ ਸੁਪਰਵਾਇਜ਼ਰ ਸੁਰੇਸ਼ ਕੁਮਾਰ, ਰਿਜ਼ਰਵੇਸ਼ਨ ਕਲਰਕ ਚਿਤਰਾ ਕੁਮਾਰੀ ਅਤੇ ਮੁੱਖ ਰਿਜ਼ਰਵੇਸ਼ਨ ਸੁਪਰਵਾਇਜ਼ਰ ਉਕਾਰਨਾਥ ਦੋਸ਼ੀ ਪਾਏ ਗਏ। ਰੇਲਵੇ ਨੇ ਇਨ੍ਹਾਂ ਕਰਮਚਾਰੀਆਂ 'ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਸੀ. ਐੱਮ. ਆਈ. ਨੂੰ ਵੀ ਸਸਪੈਂਡ ਕਰ ਦਿੱਤਾ। ਰਿਜ਼ਰਵੇਸ਼ਨ ਕਲਰਕ ਚਿਤਰਾ ਕੁਮਾਰੀ ਅਤੇ ਮੁੱਖ ਰਿਜ਼ਰਵੇਸ਼ਨ ਸੁਪਰਵਾਇਜ਼ਰ ਉਕਾਰਨਾਥ ਨੇ ਗਲਤੀ ਨਾਲ ਪੁਰਾਣਾ ਟਿਕਟ ਰੋਲ ਲਗਾ ਦਿੱਤੇ ਜਾਣ ਦੀ ਗੱਲ ਕੀਤੀ ਸੀ ਪਰ ਰੇਲਵੇ ਨੇ ਕੋਈ ਰਿਆਇਤ ਦੇਣ ਦਾ ਬਜਾਏ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ।
