ਕਾਨਪੁਰ ''ਚ ਹੋਏ 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ''ਚ 4 ਹੋਰ ਲੋਕ ਗ੍ਰਿਫ਼ਤਾਰ

Wednesday, Jul 13, 2022 - 04:19 PM (IST)

ਕਾਨਪੁਰ (ਭਾਸ਼ਾ)- 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਹਿੰਸਾ ਦੌਰਾਨ ਇਕ ਘਰ ਨੂੰ ਅੱਗ ਲਾਉਣ ਵਾਲੀ ਭੀੜ ਦਾ ਹਿੱਸਾ ਸਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 1984 'ਚ ਕਾਨਪੁਰ ਵਿਚ ਹੋਏ ਸਿੱਖ ਵਿਰੋਧੀ ਦੰਗਿਆਂ 'ਚ ਕੁੱਲ 127 ਲੋਕ ਮਾਰੇ ਗਏ ਸਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਸਿੱਖ ਸੁਰੱਖਿਆ ਕਰਮੀਆਂ ਵੱਲੋਂ ਕੀਤੀ ਗਈ ਹੱਤਿਆ ਤੋਂ ਬਾਅਦ ਦਿੱਲੀ 'ਚ ਹੋਈ ਹਿੰਸਾ ਦੇ ਸਬੰਧ 'ਚ ਐੱਸ.ਆਈ.ਟੀ. ਨੇ ਹੁਣ ਤੱਕ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 5 ਮਾਮਲਿਆਂ 'ਚ ਸੋਮਵਾਰ ਅਤੇ ਮੰਗਲਵਾਰ ਨੂੰ ਲਗਾਤਾਰ 2 ਦਿਨਾਂ 'ਚ ਨਵੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ, ਜਿਨ੍ਹਾਂ 'ਚੋਂ ਇਕ ਮਾਮਲਾ ਨੌਬਸਤਾ ਥਾਣੇ 'ਚ ਅਤੇ ਬਾਕੀ 4 ਗੋਵਿੰਦ ਨਗਰ ਥਾਣੇ 'ਚ ਦਰਜ ਕੀਤੇ ਗਏ। ਉੱਤਰ ਪ੍ਰਦੇਸ਼ ਸਰਕਾਰ ਨੇ ਦੰਗਿਆਂ ਨਾਲ ਸਬੰਧਤ ਮਾਮਲਿਆਂ ਦੀ ਮੁੜ ਜਾਂਚ ਲਈ ਤਿੰਨ ਸਾਲ ਪਹਿਲਾਂ ਐੱਸ.ਆਈ.ਟੀ. ਦਾ ਗਠਨ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ 4 ਵਿਅਕਤੀਆਂ ਦੀ ਪਛਾਣ ਰਾਜਨ ਲਾਲ ਪਾਂਡੇ (85), ਧੀਰੇਂਦਰ ਕੁਮਾਰ ਤਿਵਾੜੀ (70), ਦੀਪਕ (70) ਅਤੇ ਕੈਲਾਸ਼ ਪਾਲ (70) ਵਾਸੀ ਨੌਬਸਤਾ, ਕਿਦਵਈ ਨਗਰ, ਬਰਾੜਾ ਅਤੇ ਗੋਵਿੰਦ ਨਗਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : 1984 ਸਿੱਖ ਵਿਰੋਧੀ ਦੰਗੇ : ਕਾਨਪੁਰ ’ਚ 5 ਹੋਰ ਲੋਕ ਗ੍ਰਿਫ਼ਤਾਰ

ਐੱਸ.ਆਈ.ਟੀ. ਦੀ ਅਗਵਾਈ ਕਰ ਰਹੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ (ਡੀ.ਆਈ.ਜੀ.) ਬਲੇਂਦੂ ਭੂਸ਼ਣ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 396 (ਡਕੈਤੀ ਨਾਲ ਕਤਲ) ਅਤੇ 436 (ਘਰ ਨੂੰ ਤਬਾਹ ਕਰਨ ਦੇ ਇਰਾਦੇ ਨਾਲ ਅੱਗ ਜਾਂ ਵਿਸਫੋਟਕ ਪਦਾਰਥ ਨਾਲ ਸ਼ਰਾਰਤ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 11 ਹੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਪੁਲਸ ਨੇ ਪਛਾਣ ਕਰ ਲਈ ਹੈ ਪਰ ਫਿਲਹਾਲ ਉਹ ਫਰਾਰ ਹਨ। ਡੀ.ਆਈ.ਜੀ. ਨੇ ਕਿਹਾ ਕਿ ਨੌਬਸਤਾ ਅਤੇ ਗੋਵਿੰਦ ਨਗਰ ਪੁਲਸ ਦੇ ਸਾਹਮਣੇ ਦਰਜ ਦੋ ਵੱਖ-ਵੱਖ ਐੱਫ.ਆਈ.ਆਰ. 'ਚ ਉਨ੍ਹਾਂ ਦਾ ਨਾਮ ਹੈ। ਮੁਲਜ਼ਮਾਂ ਖ਼ਿਲਾਫ਼ ਕਾਰਵਾਈ 15 ਜੂਨ ਨੂੰ ਸ਼ੁਰੂ ਹੋਈ ਜਦੋਂ ਐੱਸ.ਆਈ.ਟੀ. ਨੇ ਘਾਟਮਪੁਰ ਤੋਂ ਚਾਰ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਤੋਂ ਬਾਅਦ 21 ਜੂਨ ਨੂੰ ਦੋ ਹੋਰ ਗ੍ਰਿਫ਼ਤਾਰੀਆਂ ਕੀਤੀਆਂ। ਹਾਲੇ 20 ਦਿਨ ਪਹਿਲਾਂ ਹੀ ਐੱਸ.ਆਈ.ਟੀ. ਨੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਐੱਸ.ਆਈ.ਟੀ. ਨੇ ਪਹਿਲਾਂ 96 ਲੋਕਾਂ ਦੀ ਪਛਾਣ ਮੁੱਖ ਸ਼ੱਕੀ ਵਜੋਂ ਕੀਤੀ ਸੀ, ਜਿਨ੍ਹਾਂ 'ਚੋਂ 22 ਦੀ ਮੌਤ ਹੋ ਚੁੱਕੀ ਹੈ। ਅਧਿਕਾਰੀ ਨੇ ਕਿਹਾ ਕਿ ਕਰੀਬ 2 ਦਰਜਨ ਸ਼ੱਕੀ ਵਿਅਕਤੀਆਂ ਦੇ ਵੇਰਵੇ ਇਕੱਠੇ ਕੀਤੇ ਗਏ ਹਨ ਅਤੇ ਇਸ ਨਾਲ ਐੱਸ.ਆਈ.ਟੀ. ਨੂੰ ਹੁਣ ਤੱਕ 19 ਨੂੰ ਫੜਨ 'ਚ ਮਦਦ ਮਿਲੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News