ਮਾਂ ਨੇ ਟੈਂਕੀ 'ਚ ਡੋਬ ਮਾਰ'ਤੇ ਮਾਸੂਮ ਜੋੜੇ ਭੈਣ-ਭਰਾ, ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹੈ ਵਜ੍ਹਾ
Friday, Nov 22, 2024 - 10:44 PM (IST)
ਰਤਲਾਮ- ਮੱਧ ਪ੍ਰਦੇਸ਼ ਦੇ ਰਤਲਾਮ ਸ਼ਹਿਰ ਦੇ ਥਾਣਾ ਮਦੀਨਾ ਮਸਜਿਦ ਦੇ ਪਿੱਛੇ ਸਥਿਤ ਕਾਲੋਨੀ 'ਚ ਬੁੱਧਵਾਰ ਨੂੰ ਪਾਣੀ ਦੀ ਟੈਂਕੀ 'ਚ ਡੁੱਬਣ ਕਾਰਨ ਦੋ ਜੁੜਵਾ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਖੁਲਾਸਾ ਕੀਤਾ ਹੈ ਕਿ ਦੋ ਮਾਸੂਮ 4 ਮਹੀਨਿਆਂ ਦੇ ਜੁੜਵਾਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਨੇ ਮਾਰ ਦਿੱਤਾ ਸੀ ਅਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਪਰਿਵਾਰਕ ਮੈਂਬਰਾਂ ਨੇ ਜਲਦਬਾਜ਼ੀ ਵਿੱਚ ਕਬਰ ਵਿੱਚ ਦਫਨਾਇਆ ਸੀ। ਇਹ ਘਟਨਾ 20 ਨਵੰਬਰ ਨੂੰ ਵਾਪਰੀ ਸੀ ਅਤੇ 21 ਨਵੰਬਰ ਨੂੰ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਰਾਂ ਵਿੱਚੋਂ ਕੱਢਿਆ ਸੀ।
ਰਤਲਾਮ ਦੇ ਐੱਸਪੀ ਅਮਿਤ ਕੁਮਾਰ ਨੇ ਸ਼ੁੱਕਰਵਾਰ ਨੂੰ ਮਾਸੂਮ ਜੁੜਵਾ ਬੱਚਿਆਂ ਦੀ ਮੌਤ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਮਾਸੂਮ ਬੱਚਿਆਂ ਦਾ ਕਤਲ ਉਨ੍ਹਾਂ ਦੀ ਹੀ ਮਾਂ ਨੇ ਕੀਤੀ ਹੈ। ਪੁਲਸ ਮੁਤਾਬਕ ਮ੍ਰਿਤਕ ਬੱਚਿਆਂ ਦੀ ਮਾਂ ਮੁਸਕਾਨ ਆਪਣੀ ਸੱਸ ਅਤੇ ਪਤੀ ਵੱਲੋਂ ਬੱਚਿਆਂ ਦੀ ਦੇਖਭਾਲ ਦੇ ਮਾਮਲੇ 'ਚ ਸਹਿਯੋਗ ਨਾ ਦੇਣ 'ਤੇ ਨਾਰਾਜ਼ ਸੀ। 19 ਨਵੰਬਰ ਨੂੰ ਮੁਸਕਾਨ ਦੀ ਸੱਸ ਵੀ ਘਰ ਆਈ ਤਾਂ ਮੁਸਕਾਨ ਨੇ ਆਪਣੇ ਪਤੀ ਅਤੇ ਸੱਸ ਨੂੰ ਕਿਹਾ ਕਿ ਉਹ ਇਕੱਲੀ ਬੱਚਿਆਂ ਨੂੰ ਨਹੀਂ ਸੰਭਾਲ ਸਕਦੀ ਅਤੇ ਕੋਈ ਉਸ ਦੇ ਕੋਲ ਹੀ ਰਹੇ ਪਰ ਪਤੀ ਅਤੇ ਸੱਸ ਦੋਵਾਂ ਨੇ ਉਸ ਦੀ ਗੱਲ ਨਹੀਂ ਮੰਨੀ।
ਪੁਲਸ ਮੁਤਾਬਕ ਮਾਂ ਮੁਸਕਾਨ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਕਈ ਵਾਰ ਆਪਣੇ ਪਤੀ ਨੂੰ ਕਿਹਾ ਸੀ ਕਿ ਉਹ ਉਸ ਦੀ ਮਦਦ ਕਰੇ ਕਿਉਂਕਿ ਉਸ ਨੂੰ ਦੋਹਾਂ ਬੱਚਿਆਂ ਨੂੰ ਇਕੱਠੇ ਸੰਭਾਲਣ 'ਚ ਮੁਸ਼ਕਲ ਆ ਰਹੀ ਸੀ ਪਰ ਪਤੀ ਨਹੀਂ ਮੰਨਿਆ। 19 ਨਵੰਬਰ ਨੂੰ ਜਦੋਂ ਉਸ ਦੀ ਸੱਸ ਅਤੇ ਪਤੀ ਨਹੀਂ ਮੰਨੇ ਤਾਂ ਉਹ ਇੰਨੀ ਚਿੜ ਗਈ ਕਿ ਉਸ ਨੇ ਦੋਵਾਂ ਬੱਚਿਆਂ ਨੂੰ ਮਾਰਨ ਬਾਰੇ ਸੋਚ ਲਿਆ। ਇਕ ਬੱਚਾ ਜ਼ਮੀਨ 'ਤੇ ਖੇਡ ਰਿਹਾ ਸੀ ਅਤੇ ਦੂਜਾ ਝੂਲੇ 'ਚ। ਉਸਨੇ ਦੋਵਾਂ ਬੱਚਿਆਂ ਨੂੰ ਇਕ-ਇਕ ਕਰਕੇ ਪਾਣੀ ਨਾਲ ਭਰੀ ਟੈਂਕੀ ਵਿੱਚ ਸੁੱਟ ਦਿੱਤਾ। ਦੋਵਾਂ ਬੱਚਿਆਂ ਨੂੰ ਪਾਣੀ ਵਾਲੀ ਟੈਂਕੀ 'ਚ ਸੁੱਟਣ ਤੋਂ ਬਾਅਦ ਮੁਸਕਾਨ ਨੇ ਆਪਣੇ ਪਤੀ ਨੂੰ ਫੋਨ ਕਰਕੇ ਕਿਹਾ ਕਿ ਬੱਚੇ ਘਰ ਨਹੀਂ ਹਨ। ਪਤੀ ਆਪਣੇ ਦੋਸਤ ਬਿਲਾਸ ਨਾਲ ਘਰ ਆਇਆ ਅਤੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਉਨ੍ਹਾਂ ਨੇ ਬੱਚਿਆਂ ਨੂੰ ਪਾਣੀ ਵਾਲੀ ਟੈਂਕੀ 'ਚ ਪਾਇਆ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ।
ਬੱਚਿਆਂ ਦੀ ਮੌਤ ਤੋਂ ਬਾਅਦ ਮੁਸਕਾਨ ਦੇ ਪਤੀ ਆਮਿਰ ਕੁਰੈਸ਼ੀ ਨੇ ਇੱਕ ਆਟੋ ਬੁਲਾਇਆ ਅਤੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ। ਪੁਲਸ ਨੇ ਦੋਸ਼ੀ ਮਾਂ ਮੁਸਕਾਨ ਅਤੇ ਪਿਤਾ ਆਰਿਫ ਨੂੰ ਗ੍ਰਿਫਤਾਰ ਕਰ ਲਿਆ ਹੈ।