ਐਂਬੂਲੈਂਸ ’ਚ ਆਕਸੀਜਨ ਖ਼ਤਮ ਹੋਣ ਕਾਰਨ 4 ਮਹੀਨਿਆਂ ਦੇ ਬੱਚੇ ਦੀ ਮੌਤ, ਪਰਿਵਾਰ ਨੇ ਚਾਲਕ ’ਤੇ ਲਗਾਏ ਗੰਭੀਰ ਦੋਸ਼
Friday, Nov 25, 2022 - 02:13 PM (IST)
ਪਲਵਲ– ਪਲਵਲ ’ਚ ਸੋਹਨਾ ਰੋਡ ਸਥਿਤ ਸਚਿਨ ਹਸਪਤਾਲ ਦੇ ਡਾਕਟਰਾਂ ਅਤੇ ਐਂਬੂਲੈਂਸ ਚਾਲਕ ਦੀ ਲਾਪਰਵਾਹੀ ਕਾਰਨ ਬੁੱਧਵਾਰ ਦੇਰ ਰਾਤ ਨੂੰ ਚਾਰ ਮਹੀਨਿਆਂ ਦੇ ਬੱਚੇ ਨੇ ਤੜਫ-ਤੜਫ ਕੇ ਦਮ ਤੋੜ ਦਿੱਤਾ। ਠੰਡ ਲੱਗਣ ਕਾਰਨ ਬੱਚੇ ਦੀ ਸਿਹਤ ਵਿਗੜ ਗਈ ਸੀ। ਹਸਪਤਾਲ ਦੇ ਡਾਕਟਰਾਂ ਨੇ ਇਲਾਜ ਲਈ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ। ਇਲਾਜ ਲਈ ਦਿੱਲੀ ਸਥਿਤ ਕਲਾਵਤੀ ਹਸਪਤਾਲ ਲਿਜਾਉਂਦੇ ਸਮੇਂ ਪਲਵਲ ਤੋਂ 10 ਕਿਲੋਮੀਟਰ ਦੂਰ ਪ੍ਰਥਲਾ ਨੇੜੇ ਬਘੌਲਾ ’ਚ ਐਂਬੂਲੈਂਸ ’ਚ ਰੱਖੇ ਸਿਲੰਡਰ ’ਚ ਆਕਸੀਜਨ ਖ਼ਤਮ ਹੋ ਗਈ। ਇਸ ਕਾਰਨ ਬੱਚੇ ਦੀ ਮੌਤ ਹੋ ਗਈ।
ਬੱਚੇ ਵਿਨਾਇਕ ਦੀ ਮੌਤ ਤੋਂ ਬਾਅਦ ਚਾਲਕ ਐਂਬੂਲੈਂਸ ਲੈ ਕੇ ਦੌੜ ਗਿਆ। ਇਸ ਤੋਂ ਬਾਅਦ ਬੱਚੇ ਨੂੰ ਲੈ ਕੇ ਪਰਿਵਾਰ ਵਾਲੇ ਕਰੀਬ ਡੇਢ ਕਿਲੋਮੀਟਰ ਤਕ ਪੈਦਲ ਚਲਦੇ ਰਹੇ, ਫਿਰ ਆਟੋ ਕਰਕੇ ਇਕ ਹਸਪਤਾਲ ਪਹੁੰਚੇ। ਉੱਥੇ ਪਹੁੰਚਣ ਤੋਂ ਬਾਅਦ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦਾ ਕਾਰਨ ਆਕਸੀਜਨ ਦੀ ਕਮੀ ਦੱਸਿਆ।
ਹਥੀਨ ਗੇਟ ਚੌਂਕੀ ਇੰਚਾਰਜ ਪ੍ਰੀਤਮ ਸਿੰਘ ਨੇ ਦੱਸਿਆ ਕਿ ਅਜੇ ਇਸ ਮਾਮਲੇ ’ਚ 174 ਦੀ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪਰਿਵਾਰ ਵਾਲਿਆਂ ਨੇ ਘਟਨਾ ਨੂੰ ਲੈ ਕੇ ਹੰਗਾਮਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਐਂਬੂਲੈਂਸ ਚਾਲਕ ਅਤੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਹੈ। ਉਨ੍ਹਾਂ ਖ਼ਿਲਾਫ਼ ਲਾਪਰਵਾਹੀ ਵਰਤਨ ਦੇ ਦੋਸ਼ ’ਚ ਮੁਕਦਮਾ ਦਰਜ ਕੀਤਾ ਜਾਵੇ।
ਪਰਿਵਾਰ ਵਾਲੇ ਬੋਲੇ, ਨਸ਼ੇ ’ਚ ਸੀ ਚਾਲਕ
ਡਾਕਟਰਾਂ ਨੇ ਹੀ ਸੁੰਦਰ ਨਾਂ ਦੇ ਇਕ ਵਿਅਕਤੀ ਨੂੰ ਐਂਬਲੈਂਸ ਲੈ ਕੇ ਬੁਲਾਇਆ। ਡਾਕਟਰ ਅਤੇ ਹਸਪਤਾਲ ’ਚ ਮੌਜੂਦ ਕਾਮਿਆਂ ਨੇ ਬੱਚੇ ਨੂੰ ਐਂਬੂਲੈਂਸ ’ਚ ਬਿਠਾ ਦਿੱਤਾ ਅਤੇ ਬੱਚੇ ਨੂੰ ਆਕਸੀਜਨ ਲਗਾ ਦਿੱਤੀ। ਐਂਬੂਲੈਂਸ ਜਦੋਂ ਪਿੰਡ ਬਘੌਲਾ ਨੇੜੇ ਪਹੁੰਚੀ ਤਾਂ ਸਿਲੰਡਰ ’ਚ ਆਕਸੀਜਨ ਖ਼ਤਮ ਹੋ ਗਈ ਅਤੇ ਬੱਚੀ ਦੀ ਹਾਲਤ ਵਿਗੜ ਗਈ। ਉਨ੍ਹਾਂ ਨੇ ਚਾਲਕ ਨੂੰ ਕਿਹਾ ਕਿ ਕਿਸੇ ਨਜ਼ਦੀਕੀ ਹਸਪਤਾਲ ’ਚ ਆਕਸੀਜਨ ਮਿਲ ਜਾਵੇਗੀ ਪਰ ਐਂਬੂਲੈਂਸ ਚਾਲਕ ਬੋਲਿਆ ਕਿ ਉਹ ਫਰੀਦਾਬਾਦ 15 ਮਿੰਟਾਂ ’ਚ ਪਹੁੰਚ ਜਾਣਗੇ।
ਉਹ ਜਿਵੇਂ ਹੀ ਬੱਲਭਗੜ੍ਹਦੇ ਸੈਕਟਰ 23 ਪਹੁੰਚੇ ਤਾਂ ਐਂਬੂਲੈਂਸ ਚਾਲਕ ਨੇ ਉਨ੍ਹਾਂ ਨੂੰ ਇਕ ਕਲੀਨਿਕ ਦੇ ਨੇੜੇ ਛੱਡ ਦਿੱਤਾ। ਉਹ ਤੁਰੰਤ ਕਲੀਨਿਕ ’ਚ ਗਏ ਪਰ ਉੱਥੇ ਉਨ੍ਹਾਂ ਨੂੰ ਆਕਸੀਜਨ ਨਹੀਂ ਮਿਲੀ। ਇੰਨੇ ਨੂੰ ਚਾਲਕ ਮੌਕੇ ਤੋਂ ਐਂਬੂਲੈਂਸ ਸਮੇਤ ਫਰਾਰ ਹੋ ਗਿਆ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਨੇ ਪੁਲਸ ਨੂੰ ਇਸ ਬਾਰੇ ਸ਼ਿਕਾਇਤ ਵੀ ਦਿੱਤੀ ਹੈ।