ਹਰਿਆਣਾ ''ਚ ਜਨਨਾਇਕ ਜਨਤਾ ਪਾਰਟੀ ਦੇ ਚਾਰ ਵਿਧਾਇਕਾਂ ਨੇ ਛੱਡੀ ਪਾਰਟੀ
Sunday, Aug 18, 2024 - 02:39 AM (IST)
ਚੰਡੀਗੜ੍ਹ - ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੂੰ ਝਟਕਾ ਦਿੰਦੇ ਹੋਏ ਇਸ ਦੇ ਚਾਰ ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਅਨੂਪ ਧਾਨਕ, ਰਾਮ ਕਰਨ ਕਾਲਾ, ਦੇਵੇਂਦਰ ਬਬਲੀ ਅਤੇ ਈਸ਼ਵਰ ਸਿੰਘ ਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਪਾਰਟੀ ਛੱਡ ਦਿੱਤੀ ਹੈ।
ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਇੱਕੋ ਪੜਾਅ ਵਿੱਚ 1 ਅਕਤੂਬਰ ਨੂੰ ਹੋਣਗੀਆਂ ਅਤੇ ਚੋਣ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ। ਪਿਛਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ 2019 ਵਿੱਚ ਜੇਜੇਪੀ ਨੇ 10 ਸੀਟਾਂ ਜਿੱਤੀਆਂ ਸਨ। ਧਨਕ, ਜੋ ਕਿ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਪਿਛਲੀ ਭਾਰਤੀ ਜਨਤਾ ਪਾਰਟੀ (ਭਾਜਪਾ)-ਜੇਜੇਪੀ ਗੱਠਜੋੜ ਸਰਕਾਰ ਵਿੱਚ ਮੰਤਰੀ ਸਨ, ਹਿਸਾਰ ਦੇ ਉਕਲਾਨਾ ਤੋਂ ਚੁਣੇ ਗਏ ਸਨ, ਜਦੋਂ ਕਿ ਬਬਲੀ ਫਤਿਹਾਬਾਦ ਦੇ ਟੋਹਾਣਾ ਵਿਧਾਨ ਸਭਾ ਹਲਕੇ ਤੋਂ ਜਿੱਤੇ ਸਨ।
ਬਬਲੀ ਖੱਟਰ ਸਰਕਾਰ ਵਿੱਚ ਮੰਤਰੀ ਵੀ ਰਹੇ ਹਨ। ਸਿੰਘ ਕੈਥਲ ਦੇ ਗੁਹਲਾ-ਚਿਕਾ ਹਲਕੇ ਤੋਂ ਵਿਧਾਇਕ ਹਨ, ਜਦਕਿ ਕਾਲਾ ਕੁਰੂਕਸ਼ੇਤਰ ਦੇ ਸ਼ਾਹਾਬਾਦ ਤੋਂ ਵਿਧਾਨ ਸਭਾ ਪਹੁੰਚੇ ਸਨ। ਜੇਜੇਪੀ ਦੇ ਦੋ ਵਿਧਾਇਕ ਰਾਮ ਨਿਵਾਸ ਸੁਰਜਖੇੜਾ ਅਤੇ ਜੋਗੀ ਰਾਮ ਸਿਹਾਗ ਅਯੋਗਤਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।