''ਬੈਂਡ ਬਾਜਾ ਬਾਰਾਤ'' ਗਿਰੋਹ ਦੇ ਚਾਰ ਮੈਂਬਰ ਦਿੱਲੀ-ਗੁਰੂਗ੍ਰਾਮ ਬਾਰਡਰ ਤੋਂ ਗ੍ਰਿਫ਼ਤਾਰ
Thursday, Nov 21, 2024 - 11:10 PM (IST)
ਨਵੀਂ ਦਿੱਲੀ — ਵਿਆਹਾਂ 'ਚ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਲੋਕਾਂ ਨੂੰ ਦਿੱਲੀ-ਗੁਰੂਗ੍ਰਾਮ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਰਾਜਕੁਮਾਰ ਉਰਫ਼ ਰਾਜੂ (50), ਸੁਮਿਤ (30), ਮੋਹਿਤ (19) ਅਤੇ ਕਰਨ (30) ਨੂੰ ਬੁੱਧਵਾਰ ਨੂੰ ਘੀਟੋਰਨੀ ਮੈਟਰੋ ਸਟੇਸ਼ਨ ਦੇ ਨੇੜੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਇੱਕ ਵਿਆਹ ਸਮਾਗਮ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਸਨ।
ਵਧੀਕ ਪੁਲਸ ਕਮਿਸ਼ਨਰ (ਅਪਰਾਧ) ਸੰਜੇ ਭਾਟੀਆ ਦੇ ਅਨੁਸਾਰ, ਚੋਰ 'ਬੈਂਡ ਬਾਜਾ ਬਾਰਾਤ' ਗਿਰੋਹ ਨਾਲ ਸਬੰਧਤ ਹਨ, ਜੋ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵਿਆਹਾਂ ਦੇ ਸੀਜ਼ਨ ਦੌਰਾਨ ਸਰਗਰਮ ਹੋ ਜਾਂਦਾ ਹੈ। ਇਸ ਗਿਰੋਹ ਦੇ ਮੈਂਬਰ, ਜਿਨ੍ਹਾਂ ਵਿਚੋਂ ਜ਼ਿਆਦਾਤਰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਦੇ ਵਸਨੀਕ ਹਨ, ਪੌਸ਼ ਖੇਤਰਾਂ ਵਿਚ ਹੋਣ ਵਾਲੇ ਵਿਆਹਾਂ ਵਿਚ ਪਹੁੰਚਣ ਲਈ ਬੱਚਿਆਂ ਜਾਂ ਔਰਤਾਂ ਦੀ ਵਰਤੋਂ ਕਰਦੇ ਸਨ ਅਤੇ ਨਕਦੀ ਅਤੇ ਗਹਿਣਿਆਂ ਨਾਲ ਭਰੇ ਬੈਗ ਚੋਰੀ ਕਰਦੇ ਸਨ।
ਦਿੱਲੀ ਪੁਲਸ ਦੇ ਡਿਪਟੀ ਕਮਿਸ਼ਨਰ (ਅਪਰਾਧ) ਵਿਕਰਮ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਗ੍ਰਿਫਤਾਰ ਕੀਤੇ ਗਏ ਚਾਰ ਲੋਕ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ ਦੇ ਕਾਦੀਆ ਪਿੰਡ ਦੇ ਨਿਵਾਸੀ ਹਨ। ਇਹ ਇਲਾਕਾ ਦੇਸ਼ ਭਰ ਵਿੱਚ ਵਿਆਹ ਸਮਾਗਮਾਂ ਵਿੱਚ ਚੋਰੀ ਕਰਨ ਵਾਲੇ ਸੰਗਠਿਤ ਅਪਰਾਧ ਗਿਰੋਹਾਂ ਨੂੰ ਨੌਜਵਾਨ ਭਰਤੀ ਕਰਨ ਲਈ ਬਦਨਾਮ ਹੈ। ਪੁਲਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ, "ਅਪਰਾਧਿਕ ਗਿਰੋਹਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿਰਾਏ 'ਤੇ ਦੇਣ ਦੀ ਪ੍ਰਥਾ ਲਈ ਬਦਨਾਮ ਕਡੀਆ ਅਤੇ ਗੁਲਖੇੜੀ ਪਿੰਡਾਂ ਦੇ ਵਸਨੀਕ ਅਕਸਰ 'ਇਕਰਾਰ' ਨਾਮਕ ਸਮਝੌਤਾ ਕਰਦੇ ਹਨ, ਜਿਸ ਦੇ ਤਹਿਤ ਪਰਿਵਾਰਾਂ ਨੂੰ ਆਪਣੇ ਮੈਂਬਰਾਂ ਨੂੰ ਚੋਰੀ ਲਈ ਭੇਜਣ 'ਤੇ ਪੈਸੇ ਦਿੱਤੇ ਜਾਂਦੇ ਹਨ।"