ਨਵਾਂ ਸਾਲ ਲੈ ਕੇ ਆ ਰਿਹਾ ‘ਗ੍ਰਹਿਣ’ ਦੇ ਚਾਰ ਗਜ਼ਬ ਨਜ਼ਾਰੇ, ਪੂਰਨ ਚੰਦਰ ਗ੍ਰਹਿਣ ਨਾਲ ਹੋਵੇਗੀ ਸ਼ੁਰੂਆਤ

Sunday, Dec 27, 2020 - 02:38 PM (IST)

ਨਵਾਂ ਸਾਲ ਲੈ ਕੇ ਆ ਰਿਹਾ ‘ਗ੍ਰਹਿਣ’ ਦੇ ਚਾਰ ਗਜ਼ਬ ਨਜ਼ਾਰੇ, ਪੂਰਨ ਚੰਦਰ ਗ੍ਰਹਿਣ ਨਾਲ ਹੋਵੇਗੀ ਸ਼ੁਰੂਆਤ

ਇੰਦੌਰ (ਭਾਸ਼ਾ)— ਆਉਣ ਵਾਲਾ ਨਵਾਂ ਸਾਲ 2021 ’ਚ ਸੂਰਜ, ਧਰਤੀ ਅਤੇ ਚੰਦਰਮਾ ਦੀ ਚਾਲ ਦੁਨੀਆ ਭਰ ਦੇ ਖਗੋਲ ਪ੍ਰੇਮੀਆਂ ਨੂੰ ਇਕ ਪੂਰਨ ਚੰਦਰ ਗ੍ਰਹਿਣ ਅਤੇ ਇਕ ਪੂਰਨ ਸੂਰਜ ਗ੍ਰਹਿਣ ਸਮੇਤ ਗ੍ਰਹਿਣ ਦੇ ਚਾਰ ਗਜ਼ਬ ਦ੍ਰਿਸ਼ ਦਿਖਾਏਗੀ। ਹਾਲਾਂਕਿ ਭਾਰਤ ਵਿਚ ਇਨ੍ਹਾਂ ’ਚੋਂ ਦੋ ਖਗੋਲ ਘਟਨਾਵਾਂ ਵੇਖੀਆਂ ਜਾ ਸਕਣਗੀਆਂ। ਉੱਜੈਨ ਦੇ ਵੱਕਾਰੀ ਸਰਕਾਰੀ ਜੀਵਾਜੀ ਆਬਜ਼ਰਵੇਟਰੀ ਦੇ ਪ੍ਰਧਾਨ ਡਾ. ਰਾਜਿੰਦਰ ਪ੍ਰਕਾਸ਼ ਗੁਪਤਾ ਨੇ ਐਤਵਾਰ ਯਾਨੀ ਕਿ ਅੱਜ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਗਲੇ ਸਾਲ ਦੀਆਂ ਇਨ੍ਹਾਂ ਖਗੋਲੀ ਘਟਨਾਵਾਂ ਦਾ ਸਿਲਸਿਲਾ 26 ਮਈ ਨੂੰ ਲੱਗਣ ਵਾਲੇ ਪੂਰਨ ਚੰਦਰ ਗ੍ਰਹਿਣ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਨੇ ਆਖਿਆ ਕਿ ਨਵੇਂ ਸਾਲ ਦਾ ਇਹ ਪਹਿਲਾ ਗ੍ਰਹਿਣ ਸਿੱਕਮ ਨੂੰ ਛੱਡ ਕੇ ਭਾਰਤ ਦੇ ਪੂਰਬੀ-ਉੱਤਰੀ ਸੂਬਿਆਂ, ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਅਤੇ ਓਡੀਸ਼ਾ ਦੇ ਤੱਟੀ ਖੇਤਰਾਂ ਵਿਚ ਨਜ਼ਰ ਆਵੇਗਾ, ਜਿੱਥੇ ਚੰਦਰਮਾ ਦੇਸ਼ ਦੇ ਦੂਜੇ ਇਲਾਕਿਆਂ ਦੇ ਮੁਕਾਬਲੇ ਛੇਤੀ ਚੜ੍ਹਦਾ ਹੈ।

ਇਸ ਖਗੋਲੀ ਘਟਨਾ ਦੇ ਸਮੇਂ ਚੰਦਰਮਾ, ਧਰਤੀ ਦੀ ਛਾਇਆ ਤੋਂ 101.6 ਫ਼ੀਸਦੀ ਢਕਿਆ ਜਾਵੇਗਾ। ਪੂਰਨ ਚੰਦਰ ਗ੍ਰਹਿਣ ਉਦੋਂ ਲੱਗਦਾ ਹੈ, ਜਦੋਂ ਸੂਰਜ ਅਤੇ ਚੰਦਰਮਾ ਵਿਚਕਾਰ ਧਰਤੀ ਆ ਜਾਂਦੀ ਹੈ ਅਤੇ ਆਪਣੇ ਉੱਪ ਗ੍ਰਹਿ ਚੰਦਰਮਾ ਨੂੰ ਆਪਣੀ ਛਾਇਆ ਨਾਲ ਢਕ ਲੈਂਦੀ ਹੈ। ਚੰਦਰਮਾ ਇਸ ਸਥਿਤੀ ਵਿਚ ਧਰਤੀ ਦੀ ਓਟ ਵਿਚ ਪੂਰੀ ਤਰ੍ਹਾਂ ਛਿਪ ਜਾਂਦਾ ਹੈ ਅਤੇ ਉਸ ’ਤੇ ਸੂਰਜ ਦੀ ਰੌਸ਼ਨੀ ਨਹੀਂ ਪੈਂਦੀ। ਲਿਹਾਜ਼ਾ ਇਸ ਨੂੰ ‘ਬਲੱਡ ਮੂਨ’ ਵੀ ਕਿਹਾ ਜਾਂਦਾ ਹੈ। ਗੁਪਤਾ ਨੇ ਭਾਰਤੀ ਸੰਦਰਭ ਵਿਚ ਕੀਤੀ ਗਈ ਕਾਲ ਗਣਨਾ ਦੇ ਹਵਾਲੇ ਤੋੋਂ ਦੱਸਿਆ ਕਿ 10 ਜੂਨ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਦੇਸ਼ ਵਿਚ ਦਿਖਾਈ ਨਹੀਂ ਦੇਵਗਾ। ਇਸ ਖਗੋਲੀ ਘਟਨਾ ਦੇ ਸਮੇਂ ਸੂਰਜ ਅਤੇ ਧਰਤੀ ਵਿਚਾਲੇ ਚੰਦਰਮਾ ਆ ਜਾਵੇਗਾ। ਇਸ ਕਾਰਨ ਧਰਤੀ ’ਤੇ ਰਹਿਣ ਵਾਲੇ ਲੋਕਾਂ ਨੂੰ ਸੂਰਜ ‘ਰਿੰਗ ਆਫ਼ ਫਾਇਰ’ (ਅੱਗ ਦਾ ਚਮਕਦਾਰ ਛੱਲਾ) ਦੇ ਰੂਪ ਵਿਚ 94.3 ਫ਼ੀਸਦੀ ਢਕਿਆ ਨਜ਼ਰ ਆਵੇਗਾ।

ਗੁਪਤਾ ਨੇ ਅੱਗੇ ਦੱਸਿਆ ਕਿ 19 ਨਵੰਬਰ ਨੂੰ ਲੱਗਣ ਵਾਲਾ ਅੰਸ਼ਿਕ ਚੰਦਰ ਗ੍ਰਹਿਣ ਨੂੰ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੇ ਕੁਝ ਹਿੱਸਿਆਂ ਵਿਚ ਬੇਹੱਦ ਘੱਟ ਸਮੇਂ ਲਈ ਵੇਖਿਆ ਜਾ ਸਕੇਗਾ। ਇਸ ਖਗੋਲੀ ਘਟਨਾ ਦੇ ਚਰਮ ’ਤੇ ਚੰਦਰਮਾ ਦਾ 97.9 ਫ਼ੀਸਦੀ ਹਿੱਸਾ ਧਰਤੀ ਦੀ ਛਾਇਆ ਨਾਲ ਢਕਿਆ ਨਜ਼ਰ ਆਵੇਗਾ। ਤਕਰੀਬਨ ਦੋ ਸਦੀ ਪੁਰਾਣੀ ਆਬਜ਼ਰਵੇਟਰੀ ਦੇ ਪ੍ਰਧਾਨ ਨੇ ਦੱਸਿਆ ਕਿ 4 ਦਸੰਬਰ ਨੂੰ ਲੱਗਣ ਵਾਲੇ ਪੂਰਨ ਸੂਰਜ ਗ੍ਰਹਿਣ ਅਤੇ ਧਰਤੀ ਵਿਚਾਲੇ ਚੰਦਰਮਾ ਕੁਝ ਇਸ ਤਰ੍ਹਾਂ ਆ ਜਾਵੇਗਾ ਕਿ ਸੌਰ ਮੰਡਲ ਦਾ ਮੁਖੀਆ ਸੂਰਜ 103.6 ਫ਼ੀਸਦੀ ਢਕਿਆ ਨਜ਼ਰ ਆਵੇਗਾ। ਹਾਲਾਂਕਿ ਸਾਲ 2021 ਦੇ ਇਸ ਆਖ਼ਰੀ ਗ੍ਰਹਿਣ ਨੂੰ ਭਾਰਤ ’ਚ ਨਹੀਂ ਵੇਖਿਆ ਜਾ ਸਕੇਗਾ। ਸਮਾਪਤੀ ਵੱਲ ਵਧ ਰਹੇ ਸਾਲ 2020 ਵਿਚ ਦੋ ਸੂਰਜ ਗ੍ਰਹਿਣ ਅਤੇ 4 ਚੰਦਰ ਗ੍ਰਹਿਣ ਸਮੇਤ ਗ੍ਰਹਿਣ ਦੇ 6 ਗਜ਼ਬ ਦ੍ਰਿਸ਼ ਵੇਖੇ ਗਏ। 


author

Tanu

Content Editor

Related News