ਜੰਮੂ ਕਸ਼ਮੀਰ ''ਚ 4 ਡਰੱਗ ਤਸਕਰ ਗ੍ਰਿਫ਼ਤਾਰ, ਨਸ਼ੀਲਾ ਪਦਾਰਥ ਬਰਾਮਦ
Wednesday, Jun 07, 2023 - 11:12 AM (IST)
ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਪੁਲਸ ਨੇ ਬਾਰਾਮੂਲਾ ਜ਼ਿਲ੍ਹੇ 'ਚ 4 ਨਸ਼ੀਲੇ ਪਦਾਰਥ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਪਾਬੰਦੀਸ਼ੁਦਾ ਪਦਾਰਥ ਬਰਾਮਦ ਕੀਤਾ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਤਸਕਰਾਂ ਨੂੰ ਡੰਗਰਪੋਰਾ ਮਾਰਕੀਟ 'ਚ ਉਸ ਸਮੇਂ ਫੜਿਆ ਗਿਆ, ਜਦੋਂ ਉਨ੍ਹਾਂ ਨੇ ਗਸ਼ਤੀ ਦਲ ਨੂੰ ਦੇਖ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਇਹ ਲੋਕ ਡੰਗਰਪੋਰਾ ਤੋਂ ਮਲੋਰਾ ਵੱਲ ਜਾ ਰਹੇ ਸਨ। ਉਨ੍ਹਾਂ ਕੋਲੋਂ 170 ਗ੍ਰਾਮ ਪਾਬੰਦੀਸ਼ੁਦਾ ਚਰਸ ਵਰਗੇ ਪਦਾਰਥ ਬਰਾਮਦ ਕੀਤੇ ਗਏ ਅਤੇ ਮੋਟਰਸਾਈਕਲ ਵੀ ਜ਼ਬਤ ਕਰ ਲਈ ਗਈ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਡੰਗਰਪੋਰਾ ਸ਼ੀਰੀ ਵਾਸੀ ਸ਼ਫੀਕ ਅਹਿਮਦ ਨਾਇਕੂ, ਯਾਸਿਰ ਅਹਿਮਦ ਲੋਨ ਅਤੇ ਫਿਆਜ਼ ਅਹਿਮਦ ਵਾਨੀ ਵਜੋਂ ਕੀਤੀ ਗਈ ਹੈ। ਇਸ ਤੋਂ ਇਲਾਵਾ, ਇਕ ਹੋਰ ਨਸ਼ੀਲੇ ਪਦਾਰਥ ਤਸਕਰ ਦੀ ਪਛਾਣ ਕਲਸਾਰੀ ਪੱਟਨ ਵਾਸੀ ਬਿਲਾਲ ਅਹਿਮਦ ਸ਼ਾਹ ਵਜੋਂ ਹੋਈ ਹੈ, ਜਿਸ ਨੂੰ ਨੇਹਲਪੋਰਾ ਚੇਕਾਸਰੀ ਪੱਟਨ 'ਚ ਚੈਕਿੰਗ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਚੇਕਸਾਰੀ ਤੋਂ ਪੱਟਨ ਵੱਲ ਆ ਰਿਹਾ ਸੀ। ਉਸ ਨੇ ਵੀ ਮੌਕੇ 'ਤੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫੜਿਆ ਗਿਆ। ਉਸ ਕੋਲੋਂ 70 ਗ੍ਰਾਮ ਗਾਂਜਾ ਪਾਊਡਰ ਅਤੇ 5 ਕਿਲੋਗ੍ਰਾਮ ਪੋਸਤ ਪੁਆਲ ਵਰਗੇ ਪਦਾਰਥ ਬਰਾਮਦ ਕੀਤੇ ਗਏ। ਸੂਤਰਾਂ ਨੇ ਦੱਸਿਆ ਕਿ ਸੰਬੰਧਤ ਥਾਣਿਆਂ 'ਚ ਨਾਰਕੋਟਿਕ ਡਰੱਗ ਐਂਡ ਫੋਟੋਟ੍ਰਾਫਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਮਾਮਲੇ ਦਰਜ ਕੀਤੇ ਗਏ ਹਨ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।