ਗੁਜਰਾਤ : ਕੰਧ ਡਿੱਗਣ ਨਾਲ 4 ਬੱਚਿਆਂ ਦੀ ਮੌਤ, 5 ਜ਼ਖ਼ਮੀ, ਮੱਧ ਪ੍ਰਦੇਸ਼ ਤੋਂ ਮਜ਼ਦੂਰੀ ਕਰਨ ਆਇਆ ਸੀ ਪਰਿਵਾਰ
Thursday, Jun 29, 2023 - 09:49 PM (IST)
ਨੈਸ਼ਨਲ ਡੈਸਕ : ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਇਕ ਉਦਯੋਗਿਕ ਖੇਤਰ 'ਚ ਵੀਰਵਾਰ ਨੂੰ ਭਾਰੀ ਮੀਂਹ ਦੌਰਾਨ ਕੁਝ ਅਸਥਾਈ ਟੈਂਟਾਂ 'ਤੇ ਇਕ ਬੰਦ ਫੈਕਟਰੀ ਦੀ ਕੰਧ ਡਿੱਗਣ ਨਾਲ 5 ਸਾਲ ਤੋਂ ਘੱਟ ਉਮਰ ਦੇ 4 ਬੱਚਿਆਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਪੀੜਤ ਪਰਿਵਾਰ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਵਸਨੀਕ ਹਨ ਅਤੇ ਹਲੋਲ ਤਾਲੁਕਾ ਦੇ ਚੰਦਰਪੁਰਾ ਪਿੰਡ 'ਚ ਇਕ ਬੰਦ ਪਈ ਰਸਾਇਣਕ ਨਿਰਮਾਣ ਫੈਕਟਰੀ ਦੇ ਨੇੜੇ ਇਕ ਨਿਰਮਾਣ ਵਾਲੀ ਥਾਂ 'ਤੇ ਮਜ਼ਦੂਰਾਂ ਵਜੋਂ ਕੰਮ ਕਰਨ ਆਏ ਸਨ।
ਇਹ ਵੀ ਪੜ੍ਹੋ : PM ਰਿਸ਼ੀ ਸੁਨਕ ਦੇ 495 ਰੁਪਏ ਵਾਲੇ ਪੈੱਨ ਨੇ ਵਧਾ ਦਿੱਤੀ ਪੂਰੇ ਬ੍ਰਿਟੇਨ ਦੀ ਟੈਨਸ਼ਨ, ਜਾਣੋ ਕਾਰਨ
ਜ਼ਿਲ੍ਹਾ ਪੁਲਸ ਸੁਪਰਡੈਂਟ ਹਿਮਾਂਸ਼ੂ ਸੋਲੰਕੀ ਨੇ ਦੱਸਿਆ ਕਿ ਉਸਾਰੀ ਮਜ਼ਦੂਰਾਂ ਦੇ ਪਰਿਵਾਰ ਫੈਕਟਰੀ ਦੀ ਚਾਰਦੀਵਾਰੀ ਦੇ ਨੇੜੇ ਬਣਾਏ ਗਏ ਅਸਥਾਈ ਟੈਂਟਾਂ ਵਿੱਚ ਰਹਿ ਰਹੇ ਸਨ। ਪੁਲਸ ਸੁਪਰਡੈਂਟ ਹਿਮਾਂਸ਼ੂ ਸੋਲੰਕੀ ਨੇ ਕਿਹਾ, “ਅਚਾਨਕ ਬਾਰਿਸ਼ ਦੌਰਾਨ ਇਨ੍ਹਾਂ ਪਰਿਵਾਰਾਂ ਦੀ ਕੰਧ ਡਿੱਗ ਗਈ। ਕੰਧ ਡਿੱਗਣ ਕਾਰਨ ਜ਼ਖ਼ਮੀ ਹੋਏ ਕੁਲ 9 ਵਿਅਕਤੀਆਂ 'ਚੋਂ 5 ਸਾਲ ਤੋਂ ਘੱਟ ਉਮਰ ਦੇ 4 ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 2 ਔਰਤਾਂ ਤੇ 2 ਬੱਚਿਆਂ ਸਮੇਤ 5 ਹੋਰਾਂ ਨੂੰ ਹਲੋਲ ਦੇ ਇਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : WHO ਦੀ ਕੈਂਸਰ ਖੋਜ ਏਜੰਸੀ ਨੇ ਐਸਪਾਰਟੇਮ ਸਵੀਟਨਰ ਨੂੰ ਸੰਭਾਵਿਤ ਕਾਰਸੀਨੋਜੈਨਿਕ ਐਲਾਨਿਆ
ਪੁਲਸ ਸੁਪਰਡੈਂਟ ਨੇ ਦੱਸਿਆ, ''ਬਾਅਦ 'ਚ ਜ਼ਖ਼ਮੀਆਂ 'ਚੋਂ ਇਕ ਨੂੰ ਹੋਰ ਇਲਾਜ ਲਈ ਵਡੋਦਰਾ ਭੇਜ ਦਿੱਤਾ ਗਿਆ।'' ਮ੍ਰਿਤਕ ਬੱਚਿਆਂ ਦੀ ਪਛਾਣ ਚਿਰੀਰਾਮ ਡਾਮੋਰ (5), ਅਭਿਸ਼ੇਕ ਭੂਰੀਆ (4), ਗੁਨਗੁਨ ਭੂਰੀਆ (2) ਅਤੇ ਮੁਸਕਾਨ ਭੂਰੀਆ (5) ਵਜੋਂ ਹੋਈ ਹੈ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਗੁਜਰਾਤ ਦੇ ਕਈ ਹਿੱਸਿਆਂ ਵਿੱਚ ਪਿਛਲੇ 36 ਘੰਟਿਆਂ 'ਚ ਭਾਰੀ ਮੀਂਹ ਪਿਆ ਹੈ ਅਤੇ ਅਗਲੇ 2 ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਸਵੇਰੇ 6 ਵਜੇ ਖਤਮ ਹੋਏ ਪਿਛਲੇ 36 ਘੰਟਿਆਂ ਵਿੱਚ ਦੱਖਣੀ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਪਾਰਡੀ ਤਾਲੁਕਾ 'ਚ 182 ਮਿਲੀਮੀਟਰ ਤੱਕ ਮੀਂਹ ਪਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।