ਟਰੰਪ ਜੂਨੀਅਰ ਜਲਦ ਆਉਣਗੇ ਭਾਰਤ, ਰੱਖਣਗੇ ''ਟਰੰਪ ਟਾਵਰਸ'' ਦੀ ਨੀਂਹ

02/18/2018 1:26:36 PM

ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਸੋਮਵਾਰ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਜੂਨੀਅਰ ਟਰੰਪ ਗੁਰੂਗ੍ਰਾਮ ਵਿਚ ਆਪਣੇ ਉਤਸ਼ਾਹੀ ਰਿਹਾਇਸ਼ੀ ਪ੍ਰੋਜੈਕਟ 'ਟਰੰਪ ਟਾਵਰਸ' ਨੂੰ ਲਾਂਚ ਕਰਨਗੇ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਆਲਟੀ ਕੰਪਨੀ 'ਟਰੰਪ ਓਰਗੇਨਾਈਜੇਸ਼ਨ' ਟਰੰਪ ਟਾਵਰਸ ਦਾ ਨਿਰਮਾਣ ਕਰੇਗੀ। ਪਹਿਲਾਂ ਗੁਰੂਗ੍ਰਾਮ ਵਿਚ ਇਸ ਪ੍ਰੋਜੈਕਟ 'ਤੇ ਕੰਮ ਹੋਵੇਗਾ। ਬਾਅਦ ਵਿਚ ਭਾਰਤ ਦੇ ਕਈ ਸ਼ਹਿਰਾਂ ਵਿਚ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ। 
ਡੋਨਾਲਡ ਟਰੰਪ ਜੂਨੀਅਰ 'ਟਰੰਪ ਓਰਗੇਨਾਈਜੇਸ਼ਨ' ਦੇ ਕਾਰਜਕਾਰੀ ਨਿਰਦੇਸ਼ਕ ਹਨ। ਟਰੰਪ ਸੰਗਠਨ ਪੁਣੇ ਵਿਚ ਪੰਚਸ਼ੀਲ ਰਿਆਲਟੀ ਨਾਲ ਮਿਲ ਕੇ ਇਕ ਲਗਜ਼ਰੀ ਪ੍ਰੋਜੈਕਟ ਵਿਕਸਿਤ ਕਰ ਰਹੀ ਹੈ। ਅਮਰੀਕਾ ਦੇ ਇਕ ਸਮਾਚਾਰ ਪੱਤਰ ਮੁਤਾਬਕ ਡੋਨਾਲਡ ਟਰੰਪ ਜੂਨੀਅਰ ਕੋਲਕਾਤਾ, ਮੁੰਬਈ ਅਤੇ ਪੁਣੇ ਵੀ ਜਾਣਗੇ। ਇਸ ਦੇ ਇਲਾਵਾ ਜੂਨੀਅਰ ਟਰੰਪ ਦਿੱਲੀ ਵਿਚ 23 ਅਤੇ 24 ਫਰਵਰੀ ਨੂੰ ਹੋਣ ਵਾਲੇ 'ਗਲੋਬਲ ਵਪਾਰ ਸੰਮਲੇਨ' ਦੇ ਇਕ ਸੈਸ਼ਨ ਨੂੰ ਵੀ ਸੰਬੋਧਿਤ ਕਰਨਗੇ। ਕੋਲਕਾਤਾ ਵਿਚ 'ਟਰੰਪ ਟਾਵਰਸ' ਦੇ ਤਹਿਤ ਜਲਦੀ ਹੀ 137 ਲਗਜ਼ਰੀ ਯੂਨਿਟ ਦਾ ਨਿਰਮਾਣ ਕੰਮ ਸ਼ੁਰੂ ਹੋਵੇਗਾ ਜਦਕਿ ਮੁੰਬਈ ਵਿਚ 78 ਮੰਜ਼ਿਲਾ 'ਟਰੰਪ ਟਾਵਰਸ' ਉਸਾਰੀ ਅਧੀਨ ਹੈ। ਇਸ ਦੇ ਅਗਲੇ ਸਾਲ ਪੂਰਾ ਹੋਣ ਦੀ ਸੰਭਾਵਨਾ ਹੈ। ਪੁਣੇ ਵਿਚ ਵੀ ਟਰੰਪ ਟਾਵਰਸ ਪ੍ਰੋਜੈਕਟ ਦੇ ਜਲਦੀ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ। 
ਗੁਰੂਗ੍ਰਾਮ ਵਿਚ ਟਰੰਪ ਟਾਵਰ ਬਣਾਉਣ ਲਈ ਟਰੰਪ ਸੰਗਠਨ ਤੋਂ ਬ੍ਰਾਂਡ ਲਾਈਸੈਂਸ ਇਕਰਾਰਨਾਮਾ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਨਣ ਤੋਂ ਪਹਿਲਾਂ ਹੀ ਕਰ ਲਿਆ ਗਿਆ ਸੀ। ਇਸ ਸਮਝੌਤੇ ਦੇ ਤਹਿਤ ਇਹ ਟਵਿਨ ਟਾਵਰ ਗੋਲਡ ਕੋਰਸ ਐਕਸਟੈਨਸ਼ਨ ਰੋਡ 'ਤੇ ਬਣਾਏ ਜਾਣਗੇ ਅਤੇ ਗੁਰੂਗ੍ਰਾਮ ਦੀ ਸਭ ਤੋਂ ਉੱਚੀ ਇਮਾਰਤ ਹੋਣਗੇ। ਇਸ ਪ੍ਰੋਜੈਕਟ ਲਈ ਕੰਪਨੀ ਮਾਹਰ ਆਰਕੀਟੈਕਟ ਅਤੇ ਨਿਰਮਾਣ ਕੰਪਨੀਆਂ ਨਾਲ ਮਿਲ ਕੇ ਕੰਮ ਕਰੇਗੀ। ਪ੍ਰੋਜੈਕਟ ਦੇ ਅਗਲੇ 5 ਸਾਲ ਵਿਚ ਪੂਰਾ ਹੋਣ ਦੀ ਉਮੀਦ ਹੈ।


Related News