ਕੇਰਲ ਦੇ ਇਕ ਸਕੂਲ ''ਚ ਸਾਬਕਾ ਵਿਦਿਆਰਥੀ ਨੇ ਕੀਤੀ ਗੋਲੀਬਾਰੀ

Tuesday, Nov 21, 2023 - 03:08 PM (IST)

ਕੇਰਲ ਦੇ ਇਕ ਸਕੂਲ ''ਚ ਸਾਬਕਾ ਵਿਦਿਆਰਥੀ ਨੇ ਕੀਤੀ ਗੋਲੀਬਾਰੀ

ਤ੍ਰਿਸ਼ੂਲ- ਕੇਰਲ ਦੇ ਤ੍ਰਿਸ਼ੂਲ 'ਚ ਮੰਗਲਵਾਰ ਯਾਨੀ ਕਿ ਅੱਜ ਇਕ ਪ੍ਰਾਈਵੇਟ ਸਕੂਲ ਦਾ ਸਾਬਕਾ ਵਿਦਿਆਰਥੀ ਬੰਦੂਕ ਲਹਿਰਾਉਂਦਾ ਦਾਖ਼ਲ ਹੋਇਆ। ਉਸ ਨੇ ਸਟਾਫ਼ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਡਰਾ ਦਿੱਤਾ। ਸਕੂਲ ਦੇ ਕਾਮਿਆਂ ਮੁਤਾਬਕ ਸਾਬਕਾ ਵਿਦਿਆਰਥੀ ਨੇ ਇੱਧਰ-ਉਧਰ ਘੁੰਮਣ ਮਗਰੋਂ ਕਈ ਗੋਲੀਆਂ ਚਲਾਈਆਂ। ਹਾਲਾਂਕਿ ਗਨੀਮਤ ਇਹ ਰਹੀ ਕਿ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। 

ਦਰਅਸਲ ਜਗਨ ਨਾਮੀ ਇਕ ਸਾਬਕਾ ਵਿਦਿਆਰਥੀ ਤ੍ਰਿਸ਼ੂਲ 'ਚ ਵਿਵੇਕੋਦਯਮ ਸਕੂਲ ਪਹੁੰਚਿਆ। ਸਟਾਫ ਰੂਮ 'ਚ ਦਾਖ਼ਲ ਹੋਣ ਮਗਰੋਂ ਉਸ ਨੇ ਆਪਣੇ ਬੈਗ ਵਿਚੋਂ ਬੰਦੂਕ ਕੱਢੀ ਅਤੇ ਕਈ ਜਮਾਤਾਂ 'ਚ ਜਾ ਕੇ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਡਰਾ ਦਿੱਤਾ। ਪੁਲਸ ਨੇ ਕਿਹਾ ਕਿ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਘਟਨਾ ਤੋਂ ਤੁਰੰਤ ਬਾਅਦ ਜ਼ਿਲ੍ਹਾ ਅਧਿਕਾਰੀ ਵੀ. ਆਰ. ਕ੍ਰਿਸ਼ਨ ਤੇਜਾ ਸਕੂਲ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਇਹ ਇਕਲੌਤਾ ਮਾਮਲਾ ਹੈ।

ਮਾਤਾ-ਪਿਤਾ ਨੂੰ ਚਿੰਤਾ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਥਿਤੀ ਹੁਣ ਕੰਟਰੋਲ ਵਿਚ ਹੈ। ਤੇਜਾ ਨੇ ਪੱਤਰਕਾਰਾਂ ਨੂੰ ਦੱਸਿਆ ਇਕ ਸਾਬਕਾ ਵਿਦਿਆਰਥੀ ਸਕੂਲ ਆਇਆ ਸੀ। ਉਹ ਮਾਨਸਿਕ ਰੂਪ  ਤੋਂ ਥੋੜ੍ਹਾ ਅਸਥਿਰ ਲੱਗ ਰਿਹਾ ਸੀ। ਉਸ ਨੇ ਆਪਣੀ ਬੰਦੂਕ ਨਾਲ ਦੋ ਜਾਂ ਤਿੰਨ ਗੋਲੀਆਂ ਚਲਾਈਆਂ। ਸਕੂਲ ਪ੍ਰਸ਼ਾਸਨ ਨੇ ਸਾਨੂੰ ਇਹ ਹੀ ਦੱਸਿਆ ਹੈ। ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਤਰ੍ਹਾਂ ਦੀ ਇਹ ਇਕਮਾਤਰ ਘਟਨਾ ਹੈ ਅਤੇ ਜਾਂਚ ਜਾਰੀ ਹੈ।
 


author

Tanu

Content Editor

Related News