ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ

Monday, Aug 10, 2020 - 01:47 PM (IST)

ਨਵੀਂ ਦਿੱਲੀ— ਦੇਸ਼ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਹੁਣ ਇਸ ਵਾਇਰਸ ਦੀ ਲਪੇਟ 'ਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀ ਆ ਗਏ ਹਨ। ਮੁਖਰਜੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਸੋਮਵਾਰ ਯਾਨੀ ਕਿ ਅੱਜ ਉਨ੍ਹਾਂ ਨੇ ਖੁਦ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਇਸ ਵਾਰ ਹਸਪਤਾਲ ਦੀ ਯਾਤਰਾ ਇਕ ਵੱਖਰੀ ਪ੍ਰਕਿਰਿਆ ਲਈ, ਮੈਂ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹਾਂ। ਪਿਛਲੇ ਇਕ ਹਫ਼ਤੇ ਵਿਚ ਜੋ ਵੀ ਲੋਕ ਮੇਰੇ ਸੰਪਰਕ ਵਿਚ ਆਏ ਹਨ, ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਰੇ ਟੈਸਟ ਕਰਵਾਉਣ ਅਤੇ ਕੁਆਰੰਟਾਈਨ ਹੋ ਜਾਣ।

PunjabKesari

ਦੱਸਣਯੋਗ ਹੈ ਕਿ ਕਾਂਗਰਸ ਦੇ ਦਿੱਗਜ਼ ਨੇਤਾ ਰਹੇ ਪ੍ਰਣਬ ਮੁਖਰਜੀ ਸਾਲ 2012 ਤੋਂ 2017 ਦਰਮਿਆਨ ਦੇਸ਼ ਦੇ ਰਾਸ਼ਟਰਪਤੀ ਅਹੁਦੇ 'ਤੇ ਰਹੇ ਹਨ। ਪ੍ਰਣਬ ਮੁਖਰਜੀ 84 ਸਾਲ ਦੇ ਹਨ, ਉਨ੍ਹਾਂ ਦੀ ਵੱਧਦੀ ਉਮਰ ਕਾਰਨ ਵੀ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਦੀ ਆਫ਼ਤ ਦੇਸ਼ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਹੁਣ ਤੱਕ ਕਈ ਮੰਤਰੀ ਇਸ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੀਤੀ 2 ਅਗਸਤ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ। ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।


Tanu

Content Editor

Related News