ਸਪਾ ਤੋਂ ਟਿਕਟ ਨਾ ਮਿਲਣ ’ਤੇ ਫੁੱਟ-ਫੁੱਟ ਕੇ ਰੋਣ ਵਾਲਾ ਸਾਬਕਾ ਵਿਧਾਇਕ ਮਨੀਸ਼ ਰਾਵਤ BJP ’ਚ ਸ਼ਾਮਿਲ
Saturday, Jan 29, 2022 - 05:55 PM (IST)
ਲਖਨਊ– ਇਕ ਦਿਨ ਪਹਿਲਾਂ ਸਮਾਜਵਾਦੀ ਪਾਰਟੀ ਤੋਂ ਟਿਕਟ ਨਾ ਮਿਲਣ ’ਤੇ ਫੁੱਟ-ਫੁੱਟ ਰੋਣ ਵਾਲਾ ਸਾਬਕਾ ਵਿਧਾਇਕ ਮਨੀਸ਼ ਰਾਵਤ ਸ਼ਨੀਵਾਰ ਨੂੰ ਭਾਜਪਾ ’ਚ ਸ਼ਾਮਿਲ ਹੋ ਗਏ। ਲਖਨਊ ’ਚ ਬੀ.ਜੇ.ਪੀ. ਸੂਬਾ ਪ੍ਰਧਾਨ ਸੁਤੰਤਰ ਦੇਵ ਸਿੰਘ ਨੇ ਮਨੀਸ਼ ਰਾਵਤ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਬੀ.ਜੇ.ਪੀ. ਰਾਵਤ ਨੂੰ ਸੀਤਾਪੁਰ ਜ਼ਿਲ੍ਹੇ ਦੀ ਸਿਧੌਲੀ ਸੀਟ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ।
ਦਰਅਸਲ, ਲੰਬੇ ਸਮੇਂ ਤੋਂ ਸਿਧੌਲੀ ਸੀਟ ਤੋਂ ਆਪਣੀ ਦਾਵੇਦਾਰੀ ਜਤਾ ਰਹੇ ਮਨੀਸ਼ ਰਾਵਤ ਦੀ ਸਮਾਜਵਾਦੀ ਪਾਰਟੀ ਨੇ ਟਿਕਟ ਕੱਟ ਦਿੱਤੀ ਸੀ। ਇਸਤੋਂ ਦੁਖੀ ਸਾਬਕਾ ਵਿਧਾਇਕ ਆਪਣੇ ਸਮਰਥਕਾਂ ’ਚ ਫੁੱਟ-ਫੁੱਟ ਕੇ ਰੋਂਦੇ ਦਿਸੇ। ਟਿਕਟ ਕੱਟਣ ਤੋਂ ਦੁਖੀ ਸਾਬਕਾ ਵਿਧਾਇਕ ਮਨੀਸ਼ ਰਾਵਤ ਨੇ ਕਿਸੇ ਦਾ ਨਾਂ ਲਏ ਬਿਨਾਂ ਸਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਆਖ਼ਿਰ ਪੈਸਾ ਜਿੱਤ ਗਿਆ ਅਤੇ ਸਿਧੌਲੀ ਦੀ ਜਨਤਾ ਦੀ ਮਿਹਨਤ ਹਾਰ ਗਈ।
ਮਨੀਸ਼ ਰਾਵਤ ਸਿਧੌਲੀ ਤੋਂ 2012 ’ਚ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਵਿਧਾਇਕ ਰਹਿ ਚੁੱਕੇ ਹਨ। ਬੀ.ਜੇ.ਪੀ. ਦਾ ਪੱਲਾ ਫੜਨ ਵਾਲਾ ਮਨੀਸ਼ ਸਮਾਜਵਾਦੀ ਪਾਰਟੀ ਦੀ ਸਾਬਕਾ ਸਾਂਸਦ ਸੁਸ਼ੀਲਾ ਸਰੋਜ ਦਾ ਜਵਾਈ ਵੀ ਹੈ।
ਇਸਤੋਂ ਇਲਾਵਾ, ਬਹੁਜਨ ਸਮਾਜ ਪਾਰਟੀ ਦੇ ਨੇਤਾਅਤੇ ਮਾਇਆਵਤੀ ਸਰਕਾਰ ਦੇ ਸਾਬਕਾ ਮੰਤਰੀ ਰੰਗਨਾਥ ਮਿੱਤਰ ਨੇ ਸ਼ਨੀਵਾਰ ਨੂੰ ਬੀ.ਜੇ.ਪੀ. ਦੀ ਮੈਂਬਰਸ਼ਿਪ ਲੈ ਲਈ। ਭਦੋਹੀ ਜ਼ਿਲ੍ਹੇ ਦੀ ਔਰਾਈ ਸੀਟ ਤੋਂ ਵਿਧਾਇਕ ਰਹਿ ਚੁੱਕੇ ਮਿੱਤਰ ਨੇ ਕਿਹਾ ਕਿ ਭਾਜਪਾ ਦੀਆਂ ਜਨ ਕਲਿਆਣਕਾਰੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। 2012 ਤੋਂ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਬਸਪਾ ਆਪਣੇ ਅਸੂਲਾਂ ਤੋਂ ਭਟਕਦੀ ਚਲੀ ਗਈ। ਇਸਦੇ ਚਲਦੇ ਹੋਰ ਪਿਛੜਿਆ ਵਰਗ, ਆਮ ਵਰਗ ਅਤੇ ਦਲਿਤ ਖੁਦ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਹਨ।