...ਤਾਂ ਕੀ ਅੱਤਵਾਦੀ ਕਸਾਬ ਦਾ ਨਾਂ ਸਮੀਰ ਚੌਧਰੀ ਸੀ?

02/18/2020 1:34:44 PM

ਮੁੰਬਈ— 26 ਨਵੰਬਰ 2008 'ਚ ਹੋਏ ਮੁੰਬਈ ਅੱਤਵਾਦੀ ਹਮਲਾ ਭਿਆਨਕ ਅੱਤਵਾਦੀ ਹਮਲਿਆਂ 'ਚੋਂ ਇਕ ਸੀ। ਮੁੰਬਈ ਨੂੰ ਦਹਿਲਾ ਦੇਣ ਵਾਲੇ ਇਸ ਅੱਤਵਾਦੀ ਹਮਲੇ 'ਚ ਇਕੋਂ-ਇਕ ਅੱਤਵਾਦੀ ਜਿਊਂਦਾ ਬਚਿਆ ਸੀ, ਜਿਸ ਦਾ ਨਾਂ ਸਈ ਅਜਮਲ ਕਸਾਬ। ਸਾਬਕਾ ਆਈ. ਪੀ. ਐੱਸ. ਅਫਸਰ ਅਤੇ ਮੁੰਬਈ ਪੁਲਸ ਕਮਿਸ਼ਨਰ ਰਹਿ ਚੁੱਕੇ ਰਾਕੇਸ਼ ਮਾਰੀਆ ਨੇ ਆਤਮਕਥਾ ਲਿਖੀ ਹੈ, ਜੋ ਕਿ ਰਿਲੀਜ਼ ਤੋਂ ਪਹਿਲਾਂ ਚਰਚਾ 'ਚ ਹੈ। ਰਾਕੇਸ਼ ਮਾਰੀਆ ਨੇ ਆਪਣੀ ਕਿਤਾਬ 'Let Me Say It Now' 'ਚ ਮੁੰਬਈ 'ਚ 26/11 ਨੂੰ ਹੋਏ ਅੱਤਵਾਦੀ ਹਮਲੇ 'ਚ ਇਕਲੌਤਾ ਜਿਊਂਦਾ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਅਜਮਲ ਕਸਾਬ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਰਾਕੇਸ਼ ਨੇ ਆਪਣੀ ਕਿਤਾਬ 'ਚ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ 26/11 ਹਮਲੇ ਨੂੰ ਹਿੰਦੂ ਅੱਤਵਾਦ ਦਾ ਜਾਮਾ ਪਹਿਨਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। 10 ਹਮਲਾਵਰਾਂ ਨੂੰ ਹਿੰਦੂ ਸਾਬਤ ਕਰਨ ਲਈ ਉਨ੍ਹਾਂ ਨਾਲ ਫਰਜ਼ੀ ਆਈ ਕਾਰਡ ਭੇਜੇ ਗਏ ਸਨ। ਕਸਾਬ ਕੋਲੋਂ ਵੀ ਇਕ ਅਜਿਹੀ ਹੀ ਆਈ ਕਾਰਡ ਮਿਲਿਆ ਸੀ, ਜਿਸ 'ਤੇ ਸਮੀਰ ਚੌਧਰੀ ਲਿਖਿਆ ਹੋਇਆ ਸੀ।

PunjabKesari

ਰਾਕੇਸ਼ ਨੇ ਕਿਤਾਬ 'ਚ ਦਾਅਵਾ ਕੀਤਾ ਹੈ ਕਿ ਮੁੰਬਈ ਪੁਲਸ ਅੱਤਵਾਦੀ ਕਸਾਬ ਦੀ ਤਸਵੀਰ ਜਾਰੀ ਨਹੀਂ ਕਰਨਾ ਚਾਹੁੰਦੀ ਸੀ। ਪੁਲਸ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਅੱਤਵਾਦੀ ਦੀ ਡਿਟੇਲ ਮੀਡੀਆ 'ਚ ਲੀਕ ਨਾ ਹੋਵੇ। ਸਾਬਕਾ ਆਈ. ਪੀ. ਐੱਸ. ਅਫਸਰ ਰਾਕੇਸ਼ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਗੈਂਗ ਨੂੰ ਕਸਾਬ ਨੂੰ ਮਾਰਨ ਦੀ ਸੁਪਾਰੀ ਮਿਲੀ ਸੀ। ਉਸ ਦੌਰਾਨ ਰਾਕੇਸ਼ ਮਾਰੀਆ ਮੁੰਬਈ ਪੁਲਸ ਦੇ ਕਮਿਸ਼ਨਰ ਸਨ। ਮਾਰੀਆ ਨੇ ਆਪਣੀ ਕਿਤਾਬ 'ਚ ਲਿਖਿਆ ਹੈ- 'ਦੁਸ਼ਮਣ ਯਾਨੀ ਕਿ ਕਸਾਬ ਨੂੰ ਜਿਊਂਦਾ ਰੱਖਣਾ ਮੇਰੀ ਪਹਿਲੀ ਤਰਜੀਹ ਸੀ। ਇਸ ਅੱਤਵਾਦੀ ਵਿਰੁੱਧ ਲੋਕਾਂ ਦਾ ਗੁੱਸਾ ਆਪਣੇ ਸਿਖਰ 'ਤੇ ਸੀ। ਮੁੰਬਈ ਪੁਲਸ ਵਿਭਾਗ ਦੇ ਅਫਸਰ ਵੀ ਰੋਹ ਵਿਚ ਸਨ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਕਸਾਬ ਨੂੰ ਕਿਸੇ ਵੀ ਸੂਰਤ 'ਚ ਉਸ ਰਸਤੇ ਤੋਂ ਹਟਾਉਣ ਦੀ ਤਿਆਰੀ 'ਚ ਸੀ, ਕਿਉਂਕਿ ਕਸਾਬ ਮੁੰਬਈ ਹਮਲੇ ਦਾ ਸਭ ਤੋਂ ਵੱਡਾ ਅਤੇ ਇਕਲੌਤਾ ਸਬੂਤ ਸੀ। 

ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ ਮੁੰਬਈ 'ਚ ਪਾਕਿਸਤਾਨ ਤੋਂ ਸਮੁੰਦਰ ਦੇ ਰਸਤਿਓਂ ਆਏ 10 ਅੱਤਵਾਦੀਆਂ ਨੇ 3 ਥਾਵਾਂ 'ਤੇ ਹਮਲਾ ਕੀਤਾ ਸੀ। ਇਨ੍ਹਾਂ ਹਮਲਿਆਂ 'ਚ 160 ਤੋਂ ਵਧੇਰੇ ਲੋਕ ਮਾਰੇ ਗਏ ਅਤੇ ਸੈਂਕੜੇ ਲੋਕ ਜ਼ਖਮੀ ਹੋਏ ਸਨ। ਇਨ੍ਹਾਂ ਹਮਲਾਵਰਾਂ 'ਚੋਂ ਅਜਮਲ ਕਸਾਬ ਹੀ ਸੀ, ਜਿਸ ਨੂੰ ਮੁੰਬਈ ਪੁਲਸ ਜਿਊਂਦਾ ਫੜ ਸਕੀ ਸੀ। ਕਸਾਬ ਨੂੰ 21 ਨਵੰਬਰ 2012 ਨੂੰ ਪੁਣੇ ਦੀ ਯਰਵਦਾ ਜੇਲ 'ਚ ਫਾਂਸੀ ਦੇ ਦਿੱਤੀ ਗਈ 


Tanu

Content Editor

Related News