ਯੋਗੀ ਸਰਕਾਰ 'ਚ ਮੰਤਰੀ ਅਤੇ ਸਾਬਕਾ ਕ੍ਰਿਕਟਰ ਚੇਤਨ ਚੌਹਾਨ ਦਾ ਕੋਰੋਨਾ ਕਾਰਨ ਦਿਹਾਂਤ
Sunday, Aug 16, 2020 - 06:14 PM (IST)
ਹਰਿਆਣਾ/ਉੱਤਰ ਪ੍ਰਦੇਸ਼—ਉੱਤਰ ਪ੍ਰਦੇਸ਼ ਸਰਕਾਰ 'ਚ ਮੰਤਰੀ ਅਤੇ ਸਾਬਕਾ ਕ੍ਰਿਕਟਰ ਚੇਤਨ ਚੌਹਾਨ ਦਾ ਅੱਜ ਯਾਨੀ ਕਿ ਐਤਵਾਰ ਨੂੰ ਦਿਹਾਂਤ ਹੋ ਗਿਆ। ਲੱਗਭਗ 4.30 ਵਜੇ ਚੇਤਨ ਚੌਹਾਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਇਆ। ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਉਨ੍ਹਾਂ ਦਾ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ।
73 ਸਾਲ ਦੇ ਚੇਤਨ ਨੂੰ 12 ਜੁਲਾਈ ਨੂੰ ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਲਖਨਊ ਦੇ ਸੰਜੇ ਗਾਂਧੀ ਪੀ. ਜੀ. ਆਈ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਬਾਅਦ 'ਚ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਅੱਜ ਸਵੇਰੇ ਉਨ੍ਹਾਂ ਦੀ ਕਿਡਨੀ ਫੇਲ੍ਹ ਹੋ ਗਈ, ਜਿਸ ਤੋਂ ਮਗਰੋਂ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਚੇਤਨ ਚੌਹਾਨ ਦੇ ਦਿਹਾਂਤ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਡੂੰਘਾ ਸੋਗ ਜ਼ਾਹਰ ਕੀਤਾ ਹੈ।
ਦੱਸਣਯੋਗ ਹੈ ਕਿ ਚੇਤਨ ਚੌਹਾਨ ਭਾਰਤੀ ਕ੍ਰਿਕਟ ਟੀਮ ਦੇ ਇਕ ਅਹਿਮ ਬੱਲੇਬਾਜ਼ ਰਹਿ ਚੁੱਕੇ ਹਨ। ਚੇਤਨ ਚੌਹਾਨ ਨੇ ਭਾਰਤੀ ਕ੍ਰਿਕਟ ਟੀਮ ਲਈ 40 ਟੈਸਟ ਮੁਕਾਬਲੇ ਖੇਡੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 7 ਇਕ ਦਿਨਾਂ ਮੁਕਾਬਲਿਆਂ ਵਿਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਟੈਸਟ ਮੁਕਾਬਲਿਆਂ ਵਿਚ ਚੇਤਨ ਚੌਹਾਨ ਦੇ ਨਾਮ-2084 ਦੌੜਾਂ ਦਰਜ ਹਨ। ਟੈਸਟ ਮੈਚਾਂ 'ਚ ਉਨ੍ਹਾਂ ਦਾ ਸਰਵਉੱਤਮ ਸਕੋਰ 97 ਦੌੜਾਂ ਹਨ। ਇਸ ਤੋਂ ਇਲਾਵਾ ਚੌਹਾਨ ਭਾਰਤੀ ਰਾਜਨੀਤੀ 'ਚ ਸਰਗਰਮ ਭੂਮਿਕਾ ਅਦਾ ਕਰ ਰਹੇ ਸਨ। ਚੇਤਨ ਚੌਹਾਨ ਭਾਜਪਾ ਪਾਰਟੀ ਤੋਂ ਲੋਕ ਸਭਾ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। 1991 ਅਤੇ 1998 ਦੀਆਂ ਚੋਣਾਂ ਵਿਚ ਉਹ ਭਾਜਪਾ ਦੀ ਟਿਕਟ 'ਤੇ ਸੰਸਦ ਮੈਂਬਰ ਬਣੇ ਸਨ।