ਕਿਸ਼ਤਵਾੜ ''ਚ ਹਿਜ਼ਬੁਲ ਮੁਜਾਹਿਦੀਨ ਦਾ ਸਾਬਕਾ ਅੱਤਵਾਦੀ ਗ੍ਰਿਫ਼ਤਾਰ
Saturday, Sep 25, 2021 - 05:17 PM (IST)
ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ 19 ਸਾਲਾਂ ਤੱਕ ਚੱਲੀ ਤਲਾਸ਼ੀ ਤੋਂ ਬਾਅਦ ਹਿਜ਼ਬੁਲ ਮੁਜਾਹਿਦੀਨ ਦੇ ਇਕ ਸਾਬਕਾ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਰਿਆਸੀ ਦੇ ਅਰਨਾਸ ਦਾ ਰਹਿਣ ਵਾਲਾ ਦੁੱਲਾ ਉਰਫ਼ "ਜਮੀਲ" ਤੀਜਾ ਸਾਬਕਾ ਅੱਤਵਾਦੀ ਹੈ, ਜਿਸ ਨੂੰ ਪਿਛਲੇ 11 ਦਿਨਾਂ ਵਿਚ ਕਿਸ਼ਤਵਾੜ ਵਿਚ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਕ ਬੁਲਾਰੇ ਨੇ ਦੱਸਿਆ ਕਿ ਸਹੀ ਜਾਣਕਾਰੀ ਮਿਲਣ 'ਤੇ ਪੁਲਸ ਦੀ ਇਕ ਵਿਸ਼ੇਸ਼ ਟੀਮ ਨੇ ਵੱਖ-ਵੱਖ ਸ਼ੱਕੀ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਚਤਰੂ ਖੇਤਰ ਦੇ ਕੁੰਦਵਾਰ ਪਿੰਡ ਦੇ ਰਹੇ ਦੁੱਲਾ ਨੂੰ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਦੁੱਲਾ 2002 ਵਿਚ ਚਤਰੂ ਪੁਲਸ ਸਟੇਸ਼ਨ ਵਿਚ ਉਸ ਖ਼ਿਲਾਫ਼ ਦਰਜ ਹੋਏ ਅੱਤਵਾਦ ਨਾਲ ਸਬੰਧਤ ਮਾਮਲੇ ਵਿਚ ਲੋੜੀਂਦਾ ਸੀ ਪਰ ਉਹ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਉਸ ਨੂੰ ਇਕ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ, ਦੋ ਭਗੌੜੇ ਨਾਜ਼ਿਰ ਅਹਿਮਦ ਅਤੇ ਅਬਦੁਲ ਗਨੀ ਉਰਫ਼ "ਮਾਵੀਆ" ਨੂੰ 12 ਸਾਲ ਅਤੇ 19 ਸਾਲਾਂ ਤੱਕ ਚੱਲੀ ਤਲਾਸ਼ੀ ਤੋਂ ਬਾਅਦ ਕ੍ਰਮਵਾਰ 15 ਸਤੰਬਰ ਅਤੇ 17 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਦੋਵੇਂ ਪਹਿਲਾਂ ਅੱਤਵਾਦੀ ਸਨ।