ਹਰਿਆਣਾ ਦੇ ਸਾਬਕਾ ਮੰਤਰੀ ਕਰਤਾਰ ਭੜਾਨਾ ਮੁਰੈਨਾ ’ਚ ਗ੍ਰਿਫਤਾਰ, ਫਿਰ ਰਿਹਾਅ
Friday, Dec 02, 2022 - 11:33 AM (IST)
ਮੁਰੈਨਾ/ਫਰੀਦਾਬਾਦ– ਹਰਿਆਣਾ ਦੇ ਸਾਬਕਾ ਮੰਤਰੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਮੱਧ ਪ੍ਰਦੇਸ਼ ਦੇ ਮੁਰੈਨਾ ਤੋਂ ਬੀ. ਐੱਸ. ਪੀ. ਉਮੀਦਵਾਰ ਰਹੇ ਕਰਤਾਰ ਸਿੰਘ ਭੜਾਨਾ ਲਗਭਗ 24 ਘੰਟੇ ਬਾਅਦ ਜੇਲ ਤੋਂ ਰਿਹਾਅ ਹੋ ਗਏ। ਭੜਾਨਾ ਨੂੰ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਬੁੱਧਵਾਰ ਨੂੰ ਜੇਲ ਭੇਜਿਆ ਗਿਆ ਸੀ। ਬੁੱਧਵਾਰ ਨੂੰ ਕੋਰਟ ਵਿਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਮੁਰੈਨਾ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਵੀਰਵਾਰ ਨੂੰ ਮੁੜ ਸੁਣਵਾਈ ਵਿਚ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ।
2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਰਤਾਰ ਸਿੰਘ ਭੜਾਨਾ ਨੇ ਧਾਰਮਿਕ ਸਥਾਨ ’ਤੇ ਚੋਣ ਸਭਾ ਆਯੋਜਿਤ ਕੀਤੀ ਸੀ। ਇਸੇ ਮਾਮਲੇ ਨੂੰ ਲੈ ਕੇ ਉਨ੍ਹਾਂ ਖਿਲਾਫ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਸੀ। ਪ੍ਰਚਾਰ ਦੌਰਾਨ ਉਨ੍ਹਾਂ ਧਾਰਮਿਕ ਸਥਾਨ ਕਰਹ ਧਾਮ ’ਤੇ ਬਿਨਾਂ ਇਜਾਜ਼ਤ ਦੇ ਚੋਣ ਸਭਾ ਆਯੋਜਿਤ ਕੀਤੀ ਸੀ। ਉਨ੍ਹਾਂ ਖਿਲਾਫ ਨੂਰਾਬਾਦ ਥਾਣੇ ਵਿਚ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਭੜਾਨਾ ਨੇ ਉਸ ਸਮੇਂ ਹੈਲੀਕਾਪਟਰ ਰਾਹੀਂ ਚੋਣ ਪ੍ਰਚਾਰ ਕੀਤਾ ਸੀ। ਇਸ ਲ ਈ ਉਹ ਅਚਾਨਕ ਸੁਰਖੀਆਂ ਵਿਚ ਆ ਗਏ ਸਨ। ਭੜਾਨਾ ਇਸ ਤੋਂ ਪਹਿਲਾਂ ਵੀ ਵਿਵਾਦਾਂ ਵਿਚ ਰਹੇ ਹਨ। ਉਨ੍ਹਾਂ ਖਿਲਾਫ ਫਰੀਦਾਬਾਦ ਵਿਚ ਧੋਖਾਦੇਹੀ ਅਤੇ ਅਮਾਨਤ ਵਿਚ ਖਿਆਨਤ ਦੇ ਮਾਮਲੇ ਵਿਚ ਵੀ ਕੇਸ ਦਰਜ ਹਨ।