ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਸਾਈਬਾਬਾ ਜੇਲ੍ਹ ''ਚੋਂ ਰਿਹਾਅ, ਲੱਗੇ ਸਨ ਇਹ ਦੋਸ਼

Thursday, Mar 07, 2024 - 12:32 PM (IST)

ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਸਾਈਬਾਬਾ ਜੇਲ੍ਹ ''ਚੋਂ ਰਿਹਾਅ, ਲੱਗੇ ਸਨ ਇਹ ਦੋਸ਼

ਨਾਗਪੁਰ- ਮਾਓਵਾਦੀਆਂ ਨਾਲ ਸਬੰਧਾਂ ਦੇ ਮਾਮਲੇ 'ਚ ਬੰਬੇ ਹਾਈ ਕੋਰਟ ਵਲੋਂ ਬਰੀ ਕੀਤੇ ਗਏ ਦਿੱਲੀ ਯੂਨੀਵਰਸਿਟੀ (ਡੀ.ਯੂ.) ਦੇ ਸਾਬਕਾ ਪ੍ਰੋਫੈਸਰ ਜੀ. ਐਨ. ਸਾਈਬਾਬਾ ਨੂੰ ਵੀਰਵਾਰ ਨੂੰ ਨਾਗਪੁਰ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਅਦਾਲਤ ਨੇ ਮੰਗਲਵਾਰ ਨੂੰ ਸਾਈਬਾਬਾ ਨੂੰ ਬਰੀ ਕਰ ਦਿੱਤਾ ਸੀ। ਉਸ ਨੂੰ ਮਾਓਵਾਦੀ ਸਬੰਧਾਂ ਦੇ ਇਕ ਕੇਸ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਾਈਬਾਬਾ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੀ ਅਧੀਨ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 2017 ਤੋਂ ਇੱਥੇ ਜੇਲ੍ਹ ਵਿਚ ਬੰਦ ਸੀ। ਇਸ ਤੋਂ ਪਹਿਲਾਂ ਉਹ 2014 ਤੋਂ 2016 ਤੱਕ ਇਸ ਜੇਲ੍ਹ 'ਚ ਸਨ ਅਤੇ ਬਾਅਦ 'ਚ ਉਸ ਨੂੰ ਜ਼ਮਾਨਤ ਮਿਲ ਗਈ ਸੀ।

ਸਰੀਰਕ ਅਪੰਗਤਾ ਕਾਰਨ ਵ੍ਹੀਲਚੇਅਰ ਦੀ ਵਰਤੋਂ ਕਰਨ ਵਾਲੇ ਸਾਈਬਾਬਾ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਮੇਰੀ ਸਿਹਤ ਬਹੁਤ ਖਰਾਬ ਹੈ। ਮੈਂ ਗੱਲ ਨਹੀਂ ਕਰ ਸਕਦਾ। ਪਹਿਲਾਂ ਮੈਨੂੰ ਇਲਾਜ ਕਰਵਾਉਣਾ ਪਵੇਗਾ, ਫਿਰ ਹੀ ਮੈਂ ਗੱਲ ਕਰ ਸਕਾਂਗਾ। ਉਸ ਦਾ ਇਕ ਰਿਸ਼ਤੇਦਾਰ ਜੇਲ੍ਹ ਦੇ ਬਾਹਰ ਉਡੀਕ ਕਰ ਰਿਹਾ ਸੀ। ਬਾਂਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਮੰਗਲਵਾਰ ਨੂੰ ਸਾਈਬਾਬਾ ਦੀ ਸਜ਼ਾ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਇਸਤਗਾਸਾ ਪੱਖ ਉਸ ਵਿਰੁੱਧ ਦੋਸ਼ ਸਾਬਤ ਕਰਨ ਵਿਚ ਅਸਫਲ ਰਿਹਾ ਹੈ।

ਅਦਾਲਤ ਨੇ 54 ਸਾਲਾ ਸਾਈਬਾਬਾ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ. ਏ. ਪੀ. ਏ) ਦੇ ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੀ ਇਕ ਸੈਸ਼ਨ ਅਦਾਲਤ ਨੇ ਮਾਰਚ 2017 'ਚ ਸਾਈਬਾਬਾ, ਇੱਕ ਪਤਰਕਾਰ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦੇ ਇਕ ਵਿਦਿਆਰਥੀ ਸਮੇਤ 5 ਹੋਰਾਂ ਨੂੰ ਮਾਓਵਾਦੀ ਸਬੰਧਾਂ ਅਤੇ ਦੇਸ਼ ਵਿਰੁੱਧ ਜੰਗ ਛੇੜਨ ਵਰਗੀਆਂ ਗਤੀਵਿਧੀਆਂ ਵਿਚ ਸ਼ਮੂਲੀਅਤ ਲਈ ਦੋਸ਼ੀ ਠਹਿਰਾਇਆ ਸੀ।


author

Tanu

Content Editor

Related News