ਸਾਬਕਾ ਸਰਪੰਚ ਦੇ ਨੌਜਵਾਨ ਪੁੱਤ ਦੀ ਹਾਦਸੇ ''ਚ ਮੌਤ
Tuesday, Feb 11, 2025 - 06:19 PM (IST)
![ਸਾਬਕਾ ਸਰਪੰਚ ਦੇ ਨੌਜਵਾਨ ਪੁੱਤ ਦੀ ਹਾਦਸੇ ''ਚ ਮੌਤ](https://static.jagbani.com/multimedia/2025_2image_18_19_317184061sarpanch.jpg)
ਸ਼ੇਰਪੁਰ (ਸਿੰਗਲਾ) : ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਦੇ ਨਜ਼ਦੀਕੀ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸਰਕਲ ਸ਼ੇਰਪੁਰ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਮਹਿਕਮ ਸਿੰਘ ਦੀਦਾਰਗੜ੍ਹ ਦੇ ਨੌਜਵਾਨ ਪੁੱਤਰ ਦੀ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਲਕਾਰ ਸਿੰਘ (24) ਪੁੱਤਰ ਮਹਿਕਮ ਸਿੰਘ ਸਾਬਕਾ ਸਰਪੰਚ ਵਾਸੀ ਦੀਦਾਰਗੜ੍ਹ ਆਪਣੇ ਖੇਤਾਂ ’ਚ ਆਪਣੇ ਪਿਤਾ ਨਾਲ ਮੂੰਗੀ ਦੀ ਫਸਲ ਬੀਜਣ ਉਪਰੰਤ ਸ਼ਾਮ ਨੂੰ ਮੋਟਰਸਾਈਕਲ ’ਤੇ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਮੋਟਰਸਾਈਕਲ ਸਲਿੱਪ ਹੋ ਜਾਣ ਕਾਰਨ ਪਿੰਡ ’ਚ ਲੱਗੀਆਂ ਪਾਣੀ ਵਾਲੀਆਂ ਟੂਟੀਆਂ ’ਚ ਜਾ ਵੱਜਿਆ।
ਇਸ ਕਾਰਨ ਪਲਾਸਟਿਕ ਦੀ ਪਾਈਪ ਉਸ ਦੇ ਗਰਦਨ ’ਚ ਲੱਗਣ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਇਸ ਦੌਰਾਨ ਤੁਰੰਤ ਉਸ ਨੂੰ ਲੁਧਿਆਣਾ ਵਿਖੇ ਇਕ ਹਸਪਤਾਲ ’ਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਕੇ. ਆਰ. ਬੀ. ਐੱਲ. ਫੈਕਟਰੀ ਭਸੌੜ ਵਿਖੇ ਡਿਊਟੀ ਕਰਦਾ ਸੀ। ਥਾਣਾ ਮੁਖੀ ਇੰਸਪੈਕਟਰ ਬਲਵੰਤ ਸਿੰਘ ਬਿਲਿੰਗ ਨੇ ਦੱਸਿਆ ਕਿ ਨੌਜਵਾਨ ਬਲਕਾਰ ਸਿੰਘ ਦੀ ਮ੍ਰਿਤਕ ਦੇਹ ਦਾ ਸਿਵਲ ਹਸਪਤਾਲ ਧੂਰੀ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।