ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਨੂੰ ਇਕ ਹੋਰ ਝਟਕਾ, ਹੁਣ ਜੰਗਲਾਤ ਮੰਤਰੀ ਨੇ ਦਿੱਤਾ ਅਸਤੀਫਾ

01/22/2021 4:45:49 PM

ਨੈਸ਼ਨਲ ਡੈਸਕ– ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਸਰਕਾਰ ਨੂੰ ਇਕ ਤੋਂ ਬਾਅਦ ਇਕ ਕਈ ਝਟਕੇ ਲੱਗ ਰਹੇ ਹਨ। ਕਈ ਵਿਧਾਇਕ ਪਾਰਟੀ ਦਾ ਸਾਥ ਛੱਡ ਰਹੇ ਹਨ। ਹੁਣ ਬੰਗਾਲ ਦੇ ਜੰਗਲਾਤ ਮੰਤਰੀ ਰਾਜਿਬ ਬੈਨਰਜੀ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ। 

ਰਾਜਿਬ ਬੈਨਰਜੀ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ ਕਿ ਉਹ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਅਸਤੀਫਾ ਦੇਣ ਦਾ ਕੋਈ ਕਾਰਨ ਨਹੀਂ ਦੱਸਿਆ। ਉਨ੍ਹਾਂ ਚਿੱਠੀ ’ਚ ਲਿਖਿਆ ਕਿ ਪੱਛਮੀ ਬੰਗਾਲ ਦੇ ਲੋਕਾਂ ਦੀ ਸੇਵਾ ਕਰਨਾ ਬੜੇ ਸਨਮਾਨ ਦੀ ਗੱਲ ਹੈ। ਮੈਨੂੰ ਇਹ ਮੌਕਾ ਦੇਣ ਲਈ ਮੈਂ ਦਿਲ ਤੋਂ ਧੰਨਵਾਦ ਕਰਦਾ ਹਾਂ। ਡੋਮਜੂਡ ਦੀ ਅਗਵਾਈ ਕਰਨ ਵਾਲੇ ਬੈਨਰਜੀ ਪਿਛਲੇ ਕੁਝ ਹਫਤਿਆਂ ਤੋਂ ਸੱਤਾਧਾਰੀ ਪਾਰਟੀ ਦੇ ਇਕ ਧੜੇ ਖ਼ਿਲਾਫ਼ ਆਵਾਜ਼ ਚੁੱਕ ਰਹੇ ਸਨ। 

PunjabKesari

PunjabKesari

ਰਾਜਿਬ ਬੈਨਰਜੀ ਨੇ ਇਹ ਵੀ ਕਿਹਾ ਕਿ ਚਿੱਠੀ ਦੀ ਇਕ ਕਾਪੀ ਰਾਜਪਾਲ ਜਗਦੀਪ ਧਾਖੜ ਨੂੰ ਜ਼ਰੂਰੀ ਕਾਰਵਾਈ ਲਈ ਭੇਜੀ ਗਈ ਹੈ। ਅਟਕਲਾਂ ਹਨ ਕਿ ਰਾਜਿਬ ਬੈਨਰਜੀ ਟੀ.ਐੱਮ.ਸੀ. ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਜਾ ਸਕਦੇ ਹਨ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 30 ਅਤੇ 31 ਜਨਵਰੀ ਨੂੰ ਬੰਗਾਲ ਦੌਰੇ ’ਤੇ ਆ ਰਹੇ ਹਨ। ਉਸ ਦੌਰਾਨ ਉਹ ਬੀ.ਜੇ.ਪੀ. ’ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਅਜੇ ਤਕ ਇਸ ਦੀ ਪੁਸ਼ਟੀ ਨਹੀਂ ਹੋਈ। 

PunjabKesari

ਦਰਅਸਲ, ਰਾਜਿਬ ਬੈਨਰਜੀ ਲੰਬੇ ਸਮੇਂ ਤੋਂ ਮਮਤਾ ਬੈਨਰਜੀ ਤੋਂ ਅਸੰਤੁਸ਼ਟ ਸਨ। ਪਾਰਟੀ ਨੇ ਉਨ੍ਹਾਂ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਵੀ ਕੀਤੀਆਂ ਪਰ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਦੱਸ ਦੇਈਏ ਕਿ ਰਾਜਿਬ ਬੈਨਰਜੀ ਲਗਾਤਾਰ ਮੰਤਰੀ ਮੰਡਲ ਦੀ ਬੈਠਕ ’ਚ ਸ਼ਾਮਲ ਨਹੀਂ ਹੋ ਰਹੇ ਸਨ। ਇਸ ਤੋਂ ਪਹਿਲਾਂ ਮੰਤਰੀ ਸ਼ੂਭੇਂਦੁ ਅਧਿਕਾਰੀ ਅਤੇ ਖੇਡ ਰਾਜ ਮੰਤਰੀ ਲਕਸ਼ਮੀ ਰਤਨ ਸ਼ੁਕਲਾ ਨੇ ਵੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।


Rakesh

Content Editor

Related News