NCRB ਨੇ ਜਾਰੀ ਕੀਤਾ ਅੰਕੜਾ, ਭਾਰਤ ''ਚ ਪਿਛਲੇ ਸਾਲ ਵਿਦੇਸ਼ੀਆਂ ਵਿਰੁੱਧ ਸਭ ਤੋਂ ਵੱਧ ਅਪਰਾਧ ਦਿੱਲੀ ''ਚ ਦਰਜ
Wednesday, Sep 30, 2020 - 03:26 PM (IST)
ਨਵੀਂ ਦਿੱਲੀ- ਵਿਦੇਸ਼ੀਆਂ ਵਿਰੁੱਧ 2019 'ਚ ਸਭ ਤੋਂ ਵੱਧ ਅਪਰਾਧ ਦਿੱਲੀ (30.1 ਫੀਸਦੀ) 'ਚ ਦਰਜ ਕੀਤੇ ਗਏ। ਇਸ ਤੋਂ ਬਾਅਦ ਮਹਾਰਾਸ਼ਟਰ (11.7 ਫੀਸਦੀ) ਅਤੇ ਕਰਨਾਟਕ (11.2 ਫੀਸਦੀ) 'ਚ ਵਿਦੇਸ਼ੀਆਂ ਵਿਰੁੱਧ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ। ਐੱਨ.ਸੀ.ਆਰ.ਬੀ. ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ਅਨੁਸਾਰ 2019 'ਚ ਬਲਾਤਕਾਰ, ਕਤਲ ਅਤੇ ਚੋਰੀ ਸਮੇਤ ਕੁੱਲ 409 ਅਪਰਾਧ ਵਿਦੋਸ਼ੀਆਂ ਵਿਰੁੱਧ ਅੰਜਾਮ ਦਿੱਤੇ ਗਏ, ਜਦੋਂ ਕਿ 2018 'ਚ 517 ਅਤੇ 2017 'ਚ 492 ਮਾਮਲੇ ਦਰਜ ਹੋਏ ਸਨ। ਅੰਕੜੇ ਅਨੁਸਾਰ, ਸਾਲ ਦੌਰਾਨ ਦਿੱਲੀ (123 ਮਾਮਲੇ), ਮਹਾਰਾਸ਼ਟਰ (48 ਮਾਮਲੇ) ਅਤੇ ਕਰਨਾਟਕ (45 ਮਾਮਲੇ) 'ਚ ਕੁੱਲ ਮਾਮਲਿਆਂ ਦੇ 53 ਫੀਸਦੀ ਮਾਮਲੇ ਦਰਜ ਕੀਤੇ ਗਏ।
ਅੰਕੜਿਆਂ 'ਚ ਦਰਸਾਇਆ ਗਿਆ ਹੈ ਕਿ 2019 'ਚ ਦਰਜ 409 ਮਾਮਲਿਆਂ 'ਚੋਂ ਸਭ ਤੋਂ ਵੱਧ 142 ਮਾਮਲੇ ਚੋਰੀ ਦੇ, 54 ਆਈ.ਪੀ.ਸੀ. ਦੇ ਅਧੀਨ ਹੋਰ ਅਪਰਾਧ, 41 ਠੱਗੀ, 26 ਮਾਮਲੇ ਜਨਾਨੀਆਂ 'ਤੇ ਹਮਲੇ, 14 ਸੱਟ ਪਹੁੰਚਾਉਣ ਦੇ ਮਾਮਲੇ ਦਰਜ ਕੀਤੇ ਗਏ। ਐੱਨ.ਸੀ.ਆਰ.ਬੀ. ਨੇ ਦੱਸਿਆ ਕਿ 2019 'ਚ ਕਤਲ ਦੇ 13 ਮਾਮਲੇ, ਬਲਾਤਕਾਰ ਦੇ 12 ਅਤੇ ਅਗਵਾ ਦੇ 5 ਮਾਮਲੇ ਦਰਜ ਕੀਤੇ ਗਏ। ਐੱਨ.ਸੀ.ਆਰ.ਬੀ. ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ।