ਲੱਦਾਖ 'ਚ ਸਰਹੱਦੀ ਵਿਵਾਦ ਦੇ ਵਿਚਾਲੇ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਨੇ ਮਾਸਕੋ 'ਚ ਕੀਤੀ ਮੁਲਾਕਾਤ
Friday, Sep 11, 2020 - 02:01 AM (IST)
ਮਾਸਕੋ/ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਉਨ੍ਹਾਂ ਦੇ ਚੀਨੀ ਹਮਅਹੁਦਾ ਵਾਂਗ ਯੀ ਨੇ ਵੀਰਵਾਰ ਨੂੰ ਮਾਸਕੋ ਵਿਚ ਚਾਰ ਮਹੀਨਿਆਂ ਤੋਂ ਪੂਰਬੀ ਲੱਦਾਖ ਵਿਚ ਸਰਹੱਦ 'ਤੇ ਜਾਰੀ ਵਿਰੋਧ ਤੇ ਵਧਦੇ ਤਣਾਅ ਨੂੰ ਲੈ ਕੇ ਗੱਲਬਾਤ ਕੀਤੀ। ਪਿਛਲੇ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਵਿਚਾਲੇ ਇਹ ਦੂਜੀ ਉੱਚ ਪੱਧਰੀ ਦੋ-ਪੱਖੀ ਗੱਲਬਾਤ ਹੈ। ਮਈ ਦੀ ਸ਼ੁਰੂਆਤ ਵਿਚ ਅਸਲ ਕੰਟਰੋਲ ਲਾਈਨ 'ਤੇ ਸ਼ੁਰੂ ਹੋਏ ਵਿਰੋਧ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਵਿਚਾਲੇ ਇਹ ਪਹਿਲੀ ਆਹਮਣੇ-ਸਾਹਮਣੇ ਦੀ ਮੁਲਾਕਾਤ ਸੀ।
ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਲਾਈਨ 'ਤੇ ਭਾਰਤ ਤੇ ਚੀਨੀ ਫੌਜੀਆਂ ਵਿਚ ਝੜਪ ਦੇ ਕਾਰਣ ਉਥੇ ਗਹਿਰੇ ਵਿਰੋਧ ਤੇ ਵਧਦੇ ਤਣਾਅ ਦੀ ਪਿੱਠਭੂਮੀ ਵਿਚ ਇਹ ਗੱਲਬਾਤ ਹੋ ਰਹੀ ਹੈ। ਇਸ ਤੋਂ ਪਹਿਲਾਂ ਜੈਸ਼ੰਕਰ ਤੇ ਵਾਂਗ ਦੇ ਵਿਚਾਲੇ ਫੋਨ 'ਤੇ 17 ਜੂਨ ਨੂੰ ਗੱਲ ਹੋਈ ਸੀ। ਉਸ ਤੋਂ ਦੋ ਦਿਨ ਪਹਿਲਾਂ ਹੀ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਹਿੰਸਕ ਝੜਪ ਵਿਚ ਭਾਰਤੀ ਫੌਜ ਦੇ 20 ਜਵਾਨਾਂ ਦੀ ਮੌਤ ਹੋ ਗਈ ਸੀ।
ਉਮੀਦ ਕੀਤੀ ਜਾ ਰਹੀ ਹੈ ਕਿ ਮੀਟਿੰਗ ਵਿਚ ਅਸਲ ਕੰਟਰੋਲ ਰੇਖਾ ’ਤੇ ਤਣਾਅ ਨੂੰ ਘੱਟ ਕਰਨ ’ਤੇ ਗੱਲਬਾਤ ਹੋਵੇਗੀ ਪਰ ਦੋਵਾਂ ਵਿਚਾਲੇ ਗੱਲਬਾਤ ਦਾ ਨਤੀਜਾ ਅਜੇ ਸਾਹਮਣੇ ਨਹੀਂ ਆਇਆ ਹੈ। ਜੈਸ਼ੰਕਰ ਅਤੇ ਵਾਂਗ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਮਾਸਕੋ ਵਿਚ ਹਨ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਵੀਰਵਾਰ ਸ਼ਾਮ ਡਿਜੀਟਲ ਮੀਡੀਆ ਬ੍ਰੀਫਿੰਗ ਵਿਚ ਕਿਹਾ ਸੀ ਕਿ ਵਿਦੇਸ਼ ਮੰਤਰੀ ਜਲਦ ਹੀ ਚੀਨੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨ ਜਿਥੇ ਉਹ ਇਸ ਮੁੱਦੇ ’ਤੇ ਚਰਚਾ ਕਰਨਗੇ। ਉਨ੍ਹਾਂ ਤੋਂ ਸਵਾਲ ਕੀਤਾ ਗਿਆ ਸੀ ਕਿ ਕੀ ਮੁਲਾਕਾਤ ਵਿਚ ਜੈਸ਼ੰਕਰ ਚਾਰ ਮਹੀਨੇ ਤੋਂ ਚੱਲ ਰਹੇ ਸਰਹੱਦ ਟਕਰਾਅ ਦਾ ਮੁੱਦਾ ਚੁੱਕਣਗੇ। ਸ਼੍ਰੀਵਾਸਤਵ ਨੇ ਭਾਰਤ ਦੀ ਸਥਿਤੀ ਨੂੰ ਦੁਹਰਾਇਆ ਕਿ ਉਹ ਮੌਜੂਦਾ ਸਥਿਤੀ ਦਾ ਸ਼ਾਂਤੀਪੂਰਨ ਗੱਲਬਾਤ ਰਾਹੀਂ ਹੱਲ ਲਈ ਵਚਨਬੱਧ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਚੀਨ ਦੋਵਾਂ ਹੀ ਸਥਿਤੀ ਨੂੰ ਸੁਲਝਾਉਣ ਲਈ ਡਿਪਲੋਮੈਟਿਕ ਅਤੇ ਫੌਜੀ ਚੈਨਲਾਂ ਰਾਹੀਂ ਨਿਯਮਿਤ ਸੰਪਰਕ ਵਿਚ ਹਨ। ਇਹ ਸਹਿਮਤੀ ਉਸ ਵੇਲੇ ਬਣੀ ਜਦ ਦੋਵੇਂ ਰੱਖਿਆ ਮੰਤਰੀ ਮਿਲੇ ਸਨ।