26 ਜਨਵਰੀ ਦੀ ਪਰੇਡ ''ਚ ਦੂਜੇ ਦੇਸ਼ਾਂ ਦੀਆਂ ਨਾਟਕ ਮੰਡਲੀਆਂ ਲੈ ਸਕਦੀਆਂ ਹਨ ਹਿੱਸਾ

Thursday, Dec 28, 2017 - 11:02 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਚ ਸਭ ਨੂੰ ਹੈਰਾਨ ਕਰਨ ਦੀ ਬਹੁਤ ਸਮਰਥਾ ਹੈ। 10 ਏਸ਼ੀਆਈ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨੂੰ 26 ਜਨਵਰੀ ਦੀ ਸਵੇਰ ਸਮੇਂ ਭਾਰਤ ਦੀ 69ਵੀਂ ਗਣਤੰਤਰ ਦਿਵਸ ਪਰੇਡ ਦੇਖਣ ਲਈ ਰਾਜਪਥ 'ਤੇ ਇਕਮੁੱਠ ਕੀਤੇ ਜਾਣ ਤੋਂ ਬਾਅਦ ਮੋਦੀ ਹੁਣ ਕੁਝ ਦੇਸ਼ਾਂ ਦੀਆਂ ਸੱਭਿਆਚਾਰਕ ਨਾਟਕ ਮੰਡਲੀਆਂ ਅਤੇ ਝਾਕੀਆਂ ਨੂੰ ਵੀ ਪਰੇਡ 'ਚ ਸ਼ਾਮਲ ਕੀਤੇ ਜਾਣ ਦੀਆਂ ਸੰਭਾਵਨਾਵਾਂ ਲੱਭ ਰਹੇ ਹਨ। ਆਜ਼ਾਦ ਭਾਰਤ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਵੇਗਾ ਕਿ 10 ਦੇਸ਼ਾਂ ਦੇ ਮੁਖੀ ਗਣਤੰਤਰ ਦਿਵਸ ਸਮਾਰੋਹ ਦੀ ਪਰੇਡ ਵੇਖਣਗੇ ਅਤੇ ਇਕੱਠੇ ਸਲਾਮੀ ਲੈਣਗੇ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਮਨੀਲਾ 'ਚ ਕੰਬੋਡੀਆ ਦੀ ਲੀਡਰਸ਼ਿਪ ਨੇ ਸੁਝਾਅ ਦਿੱਤਾ ਹੈ ਕਿ ਆਸੀਆਨ ਦੇਸ਼ਾਂ ਦੀਆਂ ਮੰਡਲੀਆਂ ਨੂੰ ਵੀ ਆਪਣੀ ਪੇਸ਼ਕਾਰੀ ਦੇਣ ਲਈ ਸੱਦਾ ਦਿੱਤਾ ਜਾਣਾ ਚਾਹੀਦਾ ਹੈ। ਮੋਦੀ ਨੇ ਇਸ ਨੂੰ ਪ੍ਰਵਾਨ ਕਰ ਲਿਆ ਹੈ। ਗਣਤੰਤਰ ਦਿਵਸ ਸਮਾਰੋਹ ਦੱਖਣੀ ਪੂਰਬੀ ਏਸ਼ੀਆਈ ਬਲਾਕ ਦੇ ਨਾਲ ਭਾਰਤ ਦੇ ਸਬੰਧਾਂ ਦੀ 25ਵੀਂ ਵਰ੍ਹੇਗੰਢ ਮਨਾਉਣ ਦੇ ਸਮਾਰੋਹ ਨਾਲ ਹੀ ਹੋਵੇਗਾ। ਭਾਰਤ ਆਸੀਆਨ ਸਿਖਰ ਸੰਮੇਲਨ ਦਾ ਮੇਜ਼ਬਾਨ ਹੋਵੇਗਾ। ਇਨ੍ਹਾਂ ਸਭ ਦੇਸ਼ਾਂ ਦੇ ਮੁਖੀ ਨਵੀਂ ਦਿੱਲੀ ਆਉਣਗੇ ਅਤੇ ਗਣਤੰਤਰ ਦਿਵਸ ਪਰੇਡ ਲਈ ਰਾਜਪਥ ਵਿਖੇ ਮੌਜੂਦ ਰਹਿਣ ਦੇ ਨਾਲ-ਨਾਲ ਅਗਲੇ ਕੁਝ ਦਿਨਾਂ ਲਈ ਭਾਰਤ 'ਚ ਰੁਕਣਗੇ। ਅਜੇ ਇਹ ਗੱਲ ਸਪੱਸ਼ਟ ਨਹੀਂ ਹੋਈ ਕਿ ਕੀ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਇਸ ਸੰਮੇਲਨ 'ਚ ਸ਼ਾਮਲ ਹੋਵੇਗੀ ਜਾਂ ਨਹੀਂ। ਆਸੀਆਨ ਦੇਸ਼ਾਂ ਦੇ ਗਰੁੱਪ 10 ਮੈਂਬਰਾਂ 'ਚ ਬਰੁਨਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਸ਼ਾਮਲ ਹਨ। ਆਸੀਆਨ ਦੇ ਮੌਜੂਦਾ ਚੇਅਰਮੈਨ ਦਾ ਅਹੁਦਾ ਫਿਲੀਪੀਨਜ਼ ਕੋਲ ਹੈ। 1 ਜਨਵਰੀ ਨੂੰ ਸਿੰਗਾਪੁਰ ਇਸ ਗਰੁੱਪ ਦੇ ਚੇਅਰਮੈਨ ਦਾ ਅਹੁਦਾ ਸੰਭਾਲੇਗਾ।


Related News