‘370’ ਟੀਚੇ ਲਈ ਸਹਿਯੋਗੀ ਪਾਰਟੀਆਂ ਤੋਂ ਕੁਝ ਸੀਟਾਂ ਲੈ ਸਕਦੀ ਹੈ ਭਾਜਪਾ

Friday, Feb 16, 2024 - 12:45 PM (IST)

ਨਵੀਂ ਦਿੱਲੀ- ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਭਾਜਪਾ 370 ਸੀਟਾਂ ਜਿੱਤੇਗੀ ਅਤੇ ਐੱਨ. ਡੀ. ਏ. 400 ਸੀਟਾਂ ਦਾ ਅੰਕੜਾ ਪਾਰ ਕਰੇਗੀ। ਇਸ ਨਾਲ ਸਹਿਯੋਗੀ ਪਾਰਟੀਆਂ ਚਿੰਤਾ ’ਚ ਪੈ ਗਈਆਂ ਹਨ, ਕਿਉਂਕਿ ਭਾਜਪਾ ਨੇ 2019 ਦੇ ਮੁਕਾਬਲੇ ਆਪਣੀਆਂ ਸੀਟਾਂ 303 ਤੋਂ ਵਧਾ ਕੇ 370 ਕਰ ਲਈਆਂ ਹਨ ਪਰ ਸਹਿਯੋਗੀਆਂ ਦੀਆਂ ਸੀਟਾਂ ਦੀ ਗਿਣਤੀ ਉਹੀ ਹੈ ਜੋ 2019 ’ਚ ਸੀ। ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਨੇ ਲੋਕ ਸਭਾ ’ਚ 30 ਤੋਂ ਕੁਝ ਵੱਧ ਸੀਟਾਂ ਜਿੱਤੀਆਂ, ਜਦਕਿ ਭਾਜਪਾ ਨੇ 303 ਸੀਟਾਂ ’ਤੇ ਜਿੱਤ ਹਾਸਲ ਕੀਤੀ।

ਇਕ ਵਾਰ ਭਾਜਪਾ ਦੀ ਝੋਲੀ ’ਚ ਜਾਣ ਤੋਂ ਬਾਅਦ ਸਹਿਯੋਗੀ ਪਾਰਟੀਆਂ ਵੀ ਘਬਰਾ ਗਈਆਂ ਹਨ, ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਭਗਵਾ ਪਾਰਟੀ ਉਨ੍ਹਾਂ ਤੋਂ ਉਨ੍ਹਾਂ ਦੀਆਂ ਕੁਝ ਸੀਟਾਂ ਲੈ ਸਕਦੀ ਹੈ। ਉਦਾਹਰਣ ਲਈ ਮਹਾਰਾਸ਼ਟਰ ’ਚ (ਸ਼ਿਵ ਸੈਨਾ-ਸ਼ਿੰਦੇ ਅਤੇ ਰਾਕਾਂਪਾ (ਅਜੀਤ ਪਵਾਰ), ਬਿਹਾਰ ’ਚ (ਜਨਤਾ ਦਲ-ਯੂ) ਅਤੇ ਹੋਰ ਸੂਬਿਆਂ ’ਚ ਹੋਰ ਸਹਿਯੋਗੀ ਪਾਰਟੀਆਂ ਨੂੰ ਲਵੋ। ਭਾਜਪਾ ਚਾਹੁੰਦੀ ਹੈ ਕਿ ਨਿਤੀਸ਼ ਕੁਮਾਰ 17 ਦੀ ਬਜਾਏ ਸਿਰਫ 10-12 ਸੀਟਾਂ ’ਤੇ ਚੋਣ ਲੜਨ, ਜਿਨ੍ਹਾਂ ’ਤੇ ਉਨ੍ਹਾਂ ਨੇ 2019 ’ਚ ਚੋਣ ਲੜੀ ਸੀ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਨਿਤੀਸ਼ ਕੁਮਾਰ ਨੂੰ ਆਪਣੀਆਂ 5 ਸੀਟਾਂ ਦੇ ਦਿੱਤੀਆਂ ਸਨ। ਹੁਣ ਉਹ 2024 ਦੀਆਂ ਚੋਣਾਂ ’ਚ ਇਨ੍ਹਾਂ ਨੂੰ ਵਾਪਸ ਚਾਹੁੰਦੀ ਹੈ।

ਇਸੇ ਤਰ੍ਹਾਂ, ਭਾਜਪਾ 2019 ’ਚ ਲੜੀਆਂ ਗਈਆਂ 25 ਸੀਟਾਂ ਦੀ ਬਜਾਏ ਮਹਾਰਾਸ਼ਟਰ ’ਚ ਘੱਟੋ-ਘੱਟ 30 ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ। ਉਹ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਕਾਂਪਾ ਅਤੇ ਸ਼ਿਵ ਸੈਨਾ (ਸ਼ਿੰਦੇ) ਨੂੰ ਸਿਰਫ਼ ਉਨ੍ਹਾਂ ਹੀ ਸੀਟਾਂ ’ਤੇ ਲੜਨ ਦਾ ਸੰਕੇਤ ਦੇ ਰਹੀ ਹੈ ਜਿੱਥੇ ਉਹ ਜਿੱਤ ਸਕਦੇ ਹਨ। ਇਨ੍ਹਾਂ ਸੀਟਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਗੱਲਬਾਤ ਚੱਲ ਰਹੀ ਹੈ। ਇਸੇ ਤਰ੍ਹਾਂ ਅਕਾਲੀ ਦਲ ਅਤੇ ਟੀ. ਡੀ. ਪੀ. ਨੂੰ ਵੀ ਇਸ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜੇ ਉਹ ਗਠਜੋੜ ’ਚ ਸ਼ਾਮਲ ਹੋਣ ਦਾ ਫੈਸਲਾ ਕਰਦੇ ਹਨ ਤਾਂ ਉਨ੍ਹਾਂ ਨੂੰ ਜ਼ਿਆਦਾ ਸੀਟਾਂ ਦੇਣੀਆਂ ਪੈਣਗੀਆਂ। ਅਜਿਹਾ ਲੱਗਦਾ ਹੈ ਕਿ ਇਹ ਪਾਰਟੀਆਂ ਆਖ਼ਿਰ ਸਹਿਮਤ ਹੋ ਸਕਦੀਆਂ ਹਨ ਪਰ ਇਸ ਗੁੰਝਲਦਾਰ ਮੁੱਦੇ ’ਤੇ ਅੰਤਿਮ ਸ਼ਬਦ ਅਜੇ ਲਿਖੇ ਜਾਣੇ ਬਾਕੀ ਹਨ।


Rakesh

Content Editor

Related News