'75 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਰੋਕਿਆ ਗਿਆ ਦਿੱਲੀ ਦਾ ਬਜਟ', ਕੇਜਰੀਵਾਲ ਨੇ PM ਨੂੰ ਲਿਖੀ ਚਿੱਠੀ
Tuesday, Mar 21, 2023 - 10:31 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਿੱਲੀ ਦਾ ਬਜਟ ਨਹੀਂ ਰੋਕਣ ਦੀ ਅਪੀਲ ਕੀਤੀ। ਇਸ ਮੁੱਦੇ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ 'ਚ ਕੇਂਦਰ ਅਤੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿਚਾਲੇ ਜਾਰੀ ਵਿਵਾਦ ਦੇ ਪਿਛੋਕੜ 'ਚ ਕੇਜਰੀਵਾਲ ਨੇ ਇਹ ਚਿੱਠੀ ਲਿਖੀ ਹੈ। ਕੇਂਦਰ ਸਰਕਾਰ ਨੇ ਦਿੱਲੀ ਵਿਧਾਨ ਸਭਾ 'ਚ ਮੰਗਲਵਾਰ ਨੂੰ ਵਿੱਤੀ ਸਾਲ 2023-24 ਦੇ ਬਜਟ ਨੂੰ ਪੇਸ਼ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਕ ਸਮਾਚਾਰ ਚੈਨਲ ਦੇ ਪ੍ਰੋਗਰਾਮ 'ਚ ਕੇਜਰੀਵਾਲ ਨੇ ਸੋਮਵਾਰ ਨੂੰ ਕੇਂਦਰ 'ਤੇ ਸਿੱਧੇ ਸਿੱਧੇ ਗੁੰਡਾਗਰਦੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਕ ਸਰਕਾਰ ਦੇ ਬਜਟ 'ਤੇ ਰੋਕ ਲਗਾ ਦਿੱਤੀ ਗਈ ਹੈ। 'ਆਪ' ਨੇ ਇਸ ਦਾ ਵੀਡੀਓ ਸੋਸ਼ਲ ਮੀਡੀਆ ਮੰਚ ਟਵਿੱਟਰ 'ਤੇ ਸਾਂਝਾ ਕੀਤਾ।
ਦਿੱਲੀ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਾਲਾ ਨੇ ਕੇਜਰੀਵਾਲ ਸਰਕਾਰ ਦੇ ਬਜਟ 'ਤੇ ਰੋਕ ਲਗਾ ਦਿੱਤੀ ਹੈ ਅਤੇ ਇਸ ਨੂੰ ਮੰਗਲਵਾਰ ਨੂੰ ਵਿਧਾਨ ਸਭਾ 'ਚ ਪੇਸ਼ ਨਹੀਂ ਕੀਤਾ ਜਾਵੇਗਾ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ 'ਚ ਕਿਹਾ,''ਪਿਛਲੇ 75 ਸਾਲਾਂ 'ਚ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਸੂਬੇ ਦਾ ਬਜਟ ਰੋਕ ਦਿੱਤਾ ਗਿਆ ਹੈ। ਤੁਸੀਂ ਦਿੱਲੀ ਵਾਲਿਆਂ ਤੋਂ ਕਿਉਂ ਨਾਰਾਜ਼ ਹੋ? ਦਿੱਲੀ ਦਾ ਬਜਟ ਨਾ ਰੋਕੋ। ਹੱਥ ਜੋੜ ਕੇ ਦਿੱਲੀ ਵਾਸੀ ਤੁਹਾਡੇ ਤੋਂ ਬਜਟ ਪਾਸ ਕਰਨ ਦੀ ਅਪੀਲ ਕਰਦੇ ਹਨ।'' ਕੇਜਰੀਵਾਲ ਵਲੋਂ ਕੇਂਦਰ ਦੀ ਆਲੋਚਨਾ ਕੀਤੇ ਜਾਣ ਤੋਂ ਬਾਅਦ ਗ੍ਰਹਿ ਮੰਤਰਾਲਾ ਦੇ ਸੂਤਰਾਂ ਨੇ ਕਿਹਾ ਕਿ ਮੰਤਰਾਲਾ ਨੇ 'ਆਪ' ਸਰਕਾਰ ਦੀ ਸਪੱਸ਼ਟੀਕਰਨ ਮੰਗਿਆ ਹੈ, ਕਿਉਂਕਿ ਉਸ ਦੇ ਬਜਟ ਪ੍ਰਸਤਾਵ 'ਚ ਵਿਗਿਆਪਨ ਲਈ ਵੱਧ ਅਲਾਟ ਹੈ ਅਤੇ ਬੁਨਿਆਦੀ ਢਾਂਚੇ ਅਤੇ ਹੋਰ ਵਿਕਾਸ ਪਹਿਲਾਂ ਲਈ ਉਮੀਦ ਤੋਂ ਘੱਟ ਰਾਸ਼ੀ ਅਲਾਟ ਕੀਤੀ ਗਈ ਹੈ। ਮੰਤਰਾਲਾ ਦੇ ਇਕ ਸੂਤਰ ਨੇ ਕਿਹਾ,''ਆਪ ਸਰਕਾਰ ਨੇ ਹੁਣ ਤੱਕ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ।'' 'ਆਪ' ਸਰਕਾਰ ਦੇ ਸੂਤਰਾਂ ਨੇ ਦੋਸ਼ ਨੂੰ ਝੂਠ ਦੱਸਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੁੱਲ ਬਜਟ 78,800 ਕਰੋੜ ਰੁਪਏ ਦਾ ਹੈ, ਜਿਨ੍ਹਾਂ 'ਚੋਂ 22 ਹਜ਼ਾਰ ਕਰੋੜ ਰੁਪਏ ਬੁਨਿਆਦੀ ਢਾਂਚੇ 'ਤੇ ਖਰਚ ਲਈ ਹੈ ਅਤੇ ਸਿਰਫ਼ 550 ਕਰੋੜ ਰੁਪਏ ਵਿਗਿਆਪਨਾਂ ਲਈ ਤੈਅ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ