ਅਸਾਮ ''ਚ ਹੜ੍ਹ ਦੀ ਸਥਿਤੀ ਗੰਭੀਰ, 11 ਲੱਖ ਤੋਂ ਵੱਧ ਲੋਕ ਪ੍ਰਭਾਵਿਤ

Wednesday, Jul 03, 2024 - 05:11 PM (IST)

ਅਸਾਮ ''ਚ ਹੜ੍ਹ ਦੀ ਸਥਿਤੀ ਗੰਭੀਰ, 11 ਲੱਖ ਤੋਂ ਵੱਧ ਲੋਕ ਪ੍ਰਭਾਵਿਤ

ਗੁਹਾਟੀ- ਆਸਾਮ 'ਚ ਭਿਆਨਕ ਹੜ੍ਹ ਦਾ ਸੰਕਟ ਜਾਰੀ ਹੈ ਅਤੇ ਬ੍ਰਹਮਪੁੱਤਰ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿਣ ਨਾਲ  23 ਜ਼ਿਲ੍ਹਿਆਂ ਦੇ 11.50 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਇਕ ਅਧਿਕਾਰਤ ਰਿਪੋਰਟ 'ਚ ਦਿੱਤੀ ਗਈ ਹੈ। ਸੂਬੇ 'ਚ ਇਸ ਸਾਲ ਹੜ੍ਹ, ਜ਼ਮੀਨ ਖਿਸਕਣ ਅਤੇ ਤੂਫਾਨ ਦੀਆਂ ਘਟਨਾਵਾਂ 'ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 48 ਹੋ ਗਈ ਹੈ। ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਬੰਨ੍ਹ ਟੁੱਟਣ ਤੋਂ ਬਾਅਦ ਮੰਗਲਵਾਰ ਨੂੰ ਗੋਲਾਘਾਟ ਜ਼ਿਲ੍ਹੇ ਦਾ ਦੌਰਾ ਕੀਤਾ, ਹੜ੍ਹ ਪ੍ਰਭਾਵਿਤ ਖੇਤਰਾਂ ਦਾ ਮੁਆਇਨਾ ਕੀਤਾ ਅਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਹੜ੍ਹ ਸੰਕਟ ਨਾਲ ਜੂਝ ਰਹੇ ਲੋਕਾਂ ਦੀ ਰਾਹਤ ਅਤੇ ਮੁੜ ਵਸੇਬੇ ਲਈ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ।

ਇਹ ਵੀ ਪੜ੍ਹੋ- ਮਿੰਟਾਂ 'ਚ ਢਹਿ ਗਿਆ ਦਰਿਆ 'ਤੇ ਬਣਿਆ ਪੁਲ, ਕਈ ਪਿੰਡਾਂ ਦਾ ਟੁੱਟਿਆ ਸੰਪਰਕ

ਸ਼ਰਮਾ ਵੱਖ-ਵੱਖ ਜ਼ਿਲ੍ਹਿਆਂ ਵਿਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਬੁੱਧਵਾਰ ਨੂੰ ਕੈਬਨਿਟ ਮੀਟਿੰਗ ਕਰਨ ਵਾਲੇ ਹਨ। ਹੜ੍ਹ ਕਾਰਨ ਬਾਰਪੇਟਾ, ਵਿਸ਼ਵਨਾਥ, ਕਚਾਰ, ਚਰਾਈਦੇਓ, ਚਿਰਾਂਗ, ਦਰਾਂਗ, ਧੇਮਾਜੀ, ਡਿਬਰੂਗੜ੍ਹ, ਗੋਲਾਘਾਟ, ਜੋਰਹਾਟ, ਕਾਮਰੂਪ ਮੈਟਰੋਪੋਲੀਟਨ, ਕਾਰਬੀ ਆਂਗਲੌਂਗ, ਕਰੀਮਗੰਜ, ਲਖੀਮਪੁਰ, ਮਜੁਲੀ, ਮੋਰੀਗਾਂਵ, ਨਗਾਓਂ, ਨਲਬਾੜੀ, ਸਿਵਸਾਗਰ, ਸੋਨੀਤਪੁਰ ਆਦਿ ਜ਼ਿਲ੍ਹੇ ਪ੍ਰਭਾਵਿਤ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਲਖੀਮਪੁਰ 'ਚ ਹੜ੍ਹ ਨਾਲ 1.65 ਲੱਖ ਤੋਂ ਜ਼ਿਆਦਾ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਕਾਜ਼ੀਰੰਗਾ ਨੈਸ਼ਨਲ ਪਾਰਕ ਵਿਚ ਵੀ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਜਿੱਥੇ ਜੰਗਲ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬ ਗਿਆ ਹੈ ਅਤੇ ਇਕ ਗੈਂਡੇ ਦਾ ਬੱਚਾ ਹੜ੍ਹ ਦੇ ਪਾਣੀ ਵਿਚ ਡੁੱਬ ਗਿਆ ਹੈ।

ਇਹ ਵੀ ਪੜ੍ਹੋ- ਰਾਜ ਸਭਾ 'ਚ PM ਮੋਦੀ ਬੋਲੇ- 10 ਸਾਲਾਂ 'ਚ ਕਿਸਾਨਾਂ ਨੂੰ ਖੇਤੀ ਤੋਂ ਮਿਲਿਆ ਲਾਭ, MSP ਦੀ ਰਿਕਾਰਡ ਖਰੀਦੀ ਹੋਈ

ਪ੍ਰਸ਼ਾਸਨ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਐਮਰਜੈਂਸੀ ਸੇਵਾਵਾਂ ਅਤੇ ਹਵਾਈ ਫ਼ੌਜ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਬਚਾਅ ਅਤੇ ਰਾਹਤ ਕਾਰਜਾਂ 'ਚ ਸ਼ਾਮਲ ਹਨ। 2.90 ਲੱਖ ਤੋਂ ਵੱਧ ਲੋਕਾਂ ਨੇ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ 490 ਰਾਹਤ ਕੈਂਪਾਂ ਵਿਚ ਸ਼ਰਨ ਲਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਪ੍ਰਭਾਵਿਤ ਜ਼ਿਲ੍ਹਿਆਂ 'ਚ ਹੜ੍ਹ ਦੇ ਪਾਣੀ ਕਾਰਨ ਬੰਨ੍ਹ, ਸੜਕਾਂ, ਪੁਲ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Tanu

Content Editor

Related News