ਆਸਾਮ ’ਚ ਹੜ੍ਹ ਦੀ ਸਥਿਤੀ ਗੰਭੀਰ, ਗੁਹਾਟੀ ਦੇ ਕਈ ਹੋਰ ਇਲਾਕੇ ਪਾਣੀ ’ਚ ਡੁੱਬੇ

06/19/2022 6:11:29 PM

ਗੁਹਾਟੀ– ਆਸਾਮ ’ਚ ਹੜ੍ਹ ਦੀ ਸਥਿਤੀ ਐਤਵਾਨ ਨੂੰ ਵੀ ਬੇਹੱਦ ਗੰਭੀਰ ਬਣੀ ਰਹੀ ਅਤੇ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਕੁਝ ਹੋਰ ਇਲਾਕੇ ਇਸਦੇ ਪ੍ਰਭਾਵ ’ਚ ਆ ਗਏ। ਉੱਥੇ ਹੀ ਰਾਤ ਭਰ ਹੋਈ ਮੋਹਲੇਧਾਰ ਬਾਰਿਸ਼ ਕਾਰਨ ਗੁਹਾਟੀ ਦੇ ਕਈ ਖੇਤਰ ਪਾਣੀ ’ਚ ਡੁੱਬ ਗਏ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਤਾਜ਼ਾ ਅਪਡੇਟ ਮੁਤਾਬਕ, ਸੂਬੇ ’ਚ ਪਿਛਲੇ 6 ਦਿਨਾਂ ਤੋਂ ਹੜ੍ਹ ਆਇਆ ਹੋਇਆ ਹੈ ਅਤੇ ਜ਼ਮੀਨ ਧਸ ਰਹੀ ਹੈ, ਜਿਸ ਨਾਲ ਵੱਡੇ ਪੱਧਰ ’ਤੇ ਤਬਾਹੀ ਜਾਰੀ ਹੈ। 

ਏ.ਐੱਸ.ਡੀ.ਐੱਮ.ਏ. ਮੁਤਾਬਕ, ਪਿਛਲੇ 24 ਘੰਟਿਆਂ ’ਚ 32 ਜ਼ਿਲ੍ਹਿਆਂ ਦੇ 118 ਮਾਲੀਆ ਖੇਤਰਾਂ ਅਤੇ 4,291 ਪਿੰਡਾਂ ’ਚ ਹੜ੍ਹ ਦੀ ਸੂਚਨਾ ਹੈ। ਲਗਭਗ 31 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ’ਚੋਂ 1.56 ਲੱਖ ਨੇ ਸੂਬੇ ਭਰ ਦੇ ਵੱਖ-ਵੱਖ 514 ਰਾਹਤ ਕੈਂਪਾਂ ’ਚ ਸ਼ਰਨ ਲਈ ਹੈ। ਏ.ਐੱਸ.ਡੀ.ਐੱਮ.ਏ. ਨੇ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਅਤੇ ਰਾਹਤ ਕੈਂਪਾਂ ’ਚ ਸ਼ਰਨ ਨਾ ਲੈਣ ਵਾਲੇ ਲੋਕਾਂ ਨੂੰ ਰਾਹਤ ਸਾਮੱਗਰੀ ਵੀ ਵੰਡੀ ਗਈ ਹੈ। ਘੱਟੋ-ਘੱਟ 302 ਰਾਹਤ ਵੰਡ ਕੇਂਦਰ ਅਸਥਾਈ ਰੂਪ ਨਾਲ ਖੋਲ੍ਹੇ ਗਏ। 

ਬਚਾਅ ਕਾਰਜ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਫਾਇਰ ਅਤੇ ਐਮਰਜੈਂਸੀ ਸੇਵਾ ਦੇ ਕਰਮਚਾਰੀਆਂ ਦੇ ਨਾਲ-ਨਾਲ ਪੁਲਿਸ ਕਰਮਚਾਰੀ ਅਤੇ ਏਐਸਡੀਐਮਏ ਦੇ ਵਾਲੰਟੀਅਰ ਵੀ ਤਾਇਨਾਤ ਕੀਤੇ ਗਏ ਹਨ। ਬੁਲੇਟਿਨ ਵਿੱਚ ਕਿਹਾ ਗਿਆ ਹੈ, ‘ਵੱਖ-ਵੱਖ ਏਜੰਸੀਆਂ ਨੇ ਹੁਣ ਤੱਕ 20,983 ਲੋਕਾਂ ਨੂੰ ਕੱਢਿਆ ਹੈ।’

ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਔਸਤਨ 37.2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਕੇਂਦਰੀ ਜਲ ਕਮਿਸ਼ਨ ਦੇ ਬੁਲੇਟਿਨ ਦੇ ਅਨੁਸਾਰ, ਬ੍ਰਹਮਪੁੱਤਰ ਨਦੀ ਸੋਨਿਤਪੁਰ ਦੇ ਜੋਰਹਾਟ, ਤੇਜ਼ਪੁਰ, ਗੋਵਾਲਪਾੜਾ ਅਤੇ ਧੂਬਰੀ ਦੇ ਨਿਮਤੀਘਾਟ ਕਸਬਿਆਂ ਵਿੱਚ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਇਸ ਦੀਆਂ ਸਹਾਇਕ ਨਦੀਆਂ ਵੀ ਕਈ ਥਾਵਾਂ 'ਤੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।


Rakesh

Content Editor

Related News