ਮਾਫ਼ੀਆ ਅਤੀਕ ਅਹਿਮਦ ਤੋਂ ਛੁਡਵਾਈ ਗਈ ਜ਼ਮੀਨ 'ਤੇ ਤਿਆਰ ਹੋਏ ਫ਼ਲੈਟ, ਭਗਵੇ ਰੰਗ 'ਤੇ ਸਿਆਸਤ ਹੋਏ ਤੇਜ਼
Friday, Jun 02, 2023 - 10:24 PM (IST)
ਨੈਸ਼ਨਲ ਡੈਸਕ: ਮਾਫ਼ੀਆ ਅਤੀਕ ਅਹਿਮਦ ਦੇ ਕਬਜ਼ੇ ਤੋਂ ਛੁਡਵਾਈ ਗਈ ਜ਼ਮੀਨ 'ਤੇ ਗਰੀਬਾਂ ਲਈ ਰਿਹਾਇਸ਼ ਬਣ ਕੇ ਤਿਆਰ ਹੋ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸਾਲ 2021 ਵਿਚ ਇਸ ਦੀ ਨੀਂਹ ਰੱਖੀ ਸੀ। ਸੰਗਮ ਨਗਰੀ ਪ੍ਰਯਾਗਰਾਜ ਦੇ ਪਾਸ਼ ਇਲਾਕੇ ਲੂਕਰਗੰਜ ਵਿਚ ਮਾਫ਼ੀਆ ਅਤੀਕ ਅਹਿਮਦ ਦੇ ਕਬਜ਼ੇ ਤੋਂ ਮੁਕਤ ਕਰਵਾਈ ਗਈ 1731 ਵਰਗ ਮੀਟਰ ਜ਼ਮੀਨ 'ਤੇ ਪ੍ਰਧਾਨ ਮੰਤਰੀ ਸ਼ਹਿਰੀ ਅਵਾਸ ਯੋਜਨਾ ਤਹਿਤ 76 ਫ਼ਲੈਟ ਬਣਾਏ ਗਏ ਹਨ। ਇਨ੍ਹਾਂ ਫ਼ਲੈਟਾਂ ਦੇ ਰੰਗ ਰੋਗਨ ਦਾ ਕੰਮ ਹੁਣ ਅੰਤਿਮ ਦੌਰ ਵਿਚ ਹੈ। ਪਰ ਪ੍ਰਯਾਗਰਾਜ ਵਿਕਾਸ ਅਥਾਰਟੀ ਵੱਲੋਂ ਇਸ ਦੀਆਂ ਕੰਧਾਂ ਨੂੰ ਭਗਵੇ ਰੰਗ ਵਿਚ ਰੰਗੇ ਜਾਣ ਨੂੰ ਲੈ ਕੇ ਸਿਆਸੀ ਖਿੱਚੋਤਾਨ ਸ਼ੁਰੂ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸੇ 'ਤੇ PM ਮੋਦੀ ਦਾ ਪਹਿਲਾ ਬਿਆਨ, ਟਵੀਟ ਕਰ ਕਹੀ ਇਹ ਗੱਲ
ਸਮਾਜਵਾਦੀ ਪਾਰਟੀ ਨੇ ਯੋਗੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਸਮਾਜਵਾਦੀ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਨਰਿੰਦਰ ਸਿੰਘ ਨੇ ਭਾਜਪਾ ਸਰਕਾਰ 'ਤੇ ਪੀ.ਐੱਮ. ਸ਼ਹਿਰੀ ਆਵਾਸ ਯੋਜਨਾ ਦੇ ਭਗਵਾਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਹੈ ਕਿ ਸਮਾਜਵਾਦੀ ਸਰਕਾਰ ਵਿਚ ਵੀ ਕਈ ਯੋਜਨਾਵਾਂ ਚਲਾਈਆਂ ਗਈਆਂ ਤੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਆਵਾਸ ਬਣਾਏ ਗਏ ਸਨ, ਪਰ ਉਨ੍ਹਾਂ ਦੀ ਸਰਕਾਰ ਵਿਚ ਲਾਲ ਤੇ ਹਰੇ ਰੰਗ ਨੂੰ ਲੈ ਕੇ ਸਿਆਸਤ ਨਹੀਂ ਕੀਤੀ ਗਈ। ਸਪਾ ਆਗੂ ਨੇ ਦੋਸ਼ ਲਗਾਇਆ ਕਿ ਧਰਤੀ ਦਾ ਹਰਾ ਰੰਗ ਹੈ, ਪਰ ਜੇਕਰ ਭਾਜਪਾ ਆਗੂਆਂ ਦਾ ਵੱਸ ਚੱਲੇ ਤਾਂ ਉਸ ਦਾ ਵੀ ਉਹ ਭਗਵਾਕਰਨ ਕਰ ਦੇਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।