ਪਾਕਿ ਨੇ ਭਾਰਤ ਨਾਲ ਕੀਤੀ ਫਲੈਗ ਮੀਟਿੰਗ, ਦੂਜੇ ਪਾਸੇ ਨੌਸ਼ਹਿਰਾ ਸੈਕਟਰ ''ਚ ਗੋਲੀਬੰਦੀ ਦੀ ਉਲੰਘਣਾ
Saturday, Feb 24, 2018 - 09:58 AM (IST)

ਆਰ. ਐੱਸ. ਪੁਰਾ/ ਨੌਸ਼ਹਿਰਾ— ਭਾਰਤ-ਪਾਕਿ ਸਰਹੱਦ ਦੀ ਓਕਟ੍ਰਾਈ ਪੋਸਟ 'ਤੇ ਸੀਮਾ ਸੁਰੱਖਿਆ ਬਲ ਅਤੇ ਪਾਕਿ ਰੇਂਜਰਜ਼ ਵਿਚਾਲੇ ਸੈਕਟਰ ਲੈਵਲ ਕਮਾਂਡਰ ਦੀ ਫਲੈਗ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਹਿੱਸਾ ਲੈ ਕੇ ਸਰਹੱਦ 'ਤੇ ਬਣੇ ਹਾਲਾਤ ਬਾਰੇ ਚਰਚਾ ਕੀਤੀ। ਇਸ ਦੌਰਾਨ ਭਾਰਤ ਨੇ ਪਾਕਿ ਦੀ ਗੋਲੀਬਾਰੀ 'ਤੇ ਸਖਤ ਵਿਰੋਧ ਦਰਜ ਕਰਾਇਆ। ਇਸ ਮੀਟਿੰਗ ਵਿਚ ਪਾਕਿਸਤਾਨ ਵਲੋਂ ਸਿਆਲਕੋਟ ਸੈਕਟਰ ਦੇ ਕਮਾਂਡਰ ਬ੍ਰਿਗੇਡੀਅਰ ਅਮਜ਼ਦ ਹੁਸੈਨ ਆਪਣੇ 11 ਰੇਂਜਰਜ਼ ਨਾਲ ਮੌਜੂਦ ਰਹੇ, ਜਦਕਿ ਬੀ. ਐੱਸ. ਐੱਫ. ਵਲੋਂ ਡੀ. ਆਈ. ਜੀ. ਫਰੰਟੀਅਰ ਪੀ. ਐੱਸ. ਧੀਮਾਨ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਵੀ ਉਨ੍ਹਾਂ ਨਾਲ ਮੌਜੂਦ ਸਨ। ਫਲੈਗ ਮੀਟਿੰਗ ਦੌਰਾਨ ਸਰਹੱਦ 'ਤੇ ਸ਼ਾਂਤੀ ਬਹਾਲੀ ਨੂੰ ਕਾਇਮ ਰੱਖਣ ਤੋਂ ਇਲਾਵਾ ਆਪਣੇ-ਆਪਣੇ ਖੇਤਰ ਵਿਚ ਸਰਕੰਡਿਆਂ ਦੀ ਸਾਫ-ਸਫਾਈ ਸਮੇਤ ਹੋਰਨਾਂ ਮੁੱਦਿਆਂ 'ਤੇ ਚਰਚਾ ਕੀਤੀ ਗਈ।
ਐੱਲ. ਓ. ਸੀ. 'ਤੇ ਵੱਡੀ ਸਾਜ਼ਿਸ਼ ਨਾਕਾਮ, ਫੌਜ ਨੇ ਬੈਟ ਦਸਤੇ ਨੂੰ ਖਦੇੜਿਆ-ਸ਼੍ਰੀਨਗਰ, (ਮਜੀਦ)-ਅੱਜ ਐੱਲ. ਓ. ਸੀ. 'ਤੇ ਸਥਿਤ ਤੰਗਧਾਰ ਸੈਕਟਰ 'ਚ ਪਾਕਿਸਤਾਨ ਦੀ ਬੈਟ ਟੀਮ ਨੇ ਇਕ ਵਾਰ ਫਿਰ ਘੁਸਪੈਠ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਫੌਜ ਦੇ ਜਵਾਨਾਂ ਨੇ ਉਸ ਨੂੰ ਖਦੇੜ ਦਿੱਤਾ। ਇਸ ਦੌਰਾਨ ਦੋਵੇਂ ਪਾਸਿਓਂ ਜ਼ਬਰਦਸਤ ਫਾਇਰਿੰਗ ਵੀ ਹੋਈ।