ਕਠੁਆ ਹਮਲਾ : ਉੱਤਰਾਖੰਡ ਦੇ ਸਨ ਸ਼ਹੀਦ ਹੋਏ 5 ਜਵਾਨ, CM ਧਾਮੀ ਨੇ ਦਿੱਤੀ ਸ਼ਰਧਾਂਜਲੀ
Tuesday, Jul 09, 2024 - 02:53 PM (IST)
ਦੇਹਰਾਦੂਨ (ਭਾਸ਼ਾ)- ਜੰਮੂ ਕਸ਼ਮੀਰ ਦੇ ਕਠੁਆ 'ਚ ਗਸ਼ਤੀ ਦਲ 'ਤੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 5 ਜਵਾਨ ਉਤਰਾਖੰਡ ਦੇ ਸਨ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਬਲੀਦਾਨ ਬੇਕਾਰ ਨਹੀਂ ਜਾਵੇਗਾ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਕ ਬਿਆਨ 'ਚ ਕਿਹਾ,''ਜੰਮੂ ਕਸ਼ਮੀਰ ਦੇ ਕਠੁਆ 'ਚ ਹੋਏ ਕਾਇਰਾਨਾ ਅੱਤਵਾਦੀ ਹਮਲੇ 'ਚ ਉਤਰਾਖੰਡ ਦੇ 5 ਬਹਾਦਰ ਜਵਾਨ ਸ਼ਹੀਦ ਹੋ ਗਏ। ਇਹ ਸਾਡੇ ਸਾਰਿਆਂ ਲਈ ਦੁੱਖ ਦੀ ਗੱਲ ਹੈ।'' ਉਨ੍ਹਾਂ ਕਿਹਾ,''ਸਾਡੇ ਵੀਰ ਜਵਾਨਾਂ ਨੇ ਉਤਰਾਖੰਡ ਦੀ ਫ਼ੌਜ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਆਪਣੀ ਮਾਂ ਭੂਮੀ ਲਈ ਸਰਵਉੱਚ ਬਲੀਦਾਨ ਦਿੱਤਾ ਹੈ।'' ਧਾਮੀ ਨੇ ਕਿਹਾ,''ਉਨ੍ਹਾਂ ਦਾ ਬਲੀਦਾਨ ਬੇਕਾਰ ਨਹੀਂ ਜਾਵੇਗਾ।'' ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਦੁਸ਼ਮਣ ਅਤੇ ਇਸ ਕਾਇਰਾਨਾ ਹਮਲੇ ਦੇ ਦੋਸ਼ੀ ਅੱਤਵਾਦੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਰਨ ਦੇਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਤੀਜੇ ਭੁਗਤਣੇ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਦੁੱਖ ਦੀ ਇਸ ਘੜੀ 'ਚ ਪੂਰਾ ਸੂਬਾ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹਾ ਹੈ।
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਵੱਖ-ਵੱਖ ਪੋਸਟ ਰਾਹੀਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਸ਼ਹੀਦ ਹੋਏ ਫ਼ੌਜੀਆਂ 'ਚ ਪੌੜੀ ਕੇ ਰਾਈਫਲਮੈਨ ਅਨੁਜ ਨੇਗੀ, ਰੁਦਰਪ੍ਰਯਾਗ ਦੇ ਨਾਇਬ ਸੂਬੇਦਾਰ ਆਨੰਦ ਸਿੰਘ ਰਾਵਤ, ਟਿਹਰੀ ਦੇ ਨਾਇਕ ਵਿਨੋਦ ਸਿੰਘ, ਪੌੜੀ ਦੇ ਕਮਲ ਸਿੰਘ ਅਤੇ ਟਿਹਰੀ ਦੇ ਆਦਰਸ਼ ਨੇਗੀ ਸ਼ਾਮਲ ਹਨ। ਇਹ ਹਮਲਾ ਸੋਮਵਾਰ ਨੂੰ ਹੋਇਆ ਜਦੋਂ ਕਠੁਆ ਦੇ ਬਦਨੋਟਾ ਇਲਾਕੇ 'ਚ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੇ ਇਕ ਸਮੂਹ ਨੇ ਗਸ਼ਤ ਕਰ ਰਹੇ ਇਕ ਦਲ 'ਤੇ ਹਮਲਾ ਕੀਤਾ। ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਫੜਨ ਲਈ ਵੱਡੇ ਪੈਮਾਨੇ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਮਲੇ 'ਚ 5 ਲੋਕ ਜ਼ਖ਼ਮੀ ਵੀ ਹੋਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e