ਮੱਛੀ ਵੇਚਣ ਵਾਲੇ ਦੀ ਖੁੱਲ੍ਹੀ ਕਿਸਮਤ, ਬੈਂਕ ਤੋਂ ਕੁਰਕੀ ਨੋਟਿਸ ਮਿਲਣ ਮਗਰੋਂ ਲੱਗੀ 70 ਲੱਖ ਦੀ ਲਾਟਰੀ
Saturday, Oct 15, 2022 - 10:35 AM (IST)
ਕੋਲੱਮ- ਕਹਿੰਦੇ ਹਨ ਉੱਪਰ ਵਾਲਾ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਕੁਝ ਅਜਿਹਾ ਹੀ ਹੋਇਆ ਕੇਰਲ ’ਚ ਰਹਿਣ ਵਾਲੇ ਇਕ ਮੱਛੀ ਵੇਚਣ ਵਾਲੇ ਨਾਲ। ਉਸ ਨੂੰ ਆਪਣੇ ਘਰ ਦੇ ਸਬੰਧ ’ਚ ਕਰਜ਼ਾ ਦੇਣ ’ਚ ਨਾਕਾਮ ਰਹਿਣ ’ਤੇ ਇਕ ਬੈਂਕ ਤੋਂ ਕੁਰਕੀ ਦਾ ਨੋਟਿਸ ਮਿਲਿਆ ਸੀ। ਨੋਟਿਸ ਮਿਲਣ ਦੇ ਕੁਝ ਹੀ ਘੰਟਿਆਂ ਬਾਅਦ ਉਸ ਨੇ ਸੂਬਾ ਸਰਕਾਰ ਦੀ 70 ਲੱਖ ਰੁਪਏ ਦੀ ਲਾਟਰੀ ਜਿੱਤ ਲਈ।
12 ਅਕਤੂਬਰ ਨੂੰ ਖਰੀਦੀ ਸੀ ਲਾਟਰੀ ਟਿਕਟ-
ਪੁਕੁੰਜੂ ਨੇ ਬੀਤੀ 12 ਅਕਤੂਬਰ ਨੂੰ ਆਪਣੇ ਦਿਨ ਦੀ ਸ਼ੁਰੂਆਤ ਆਮ ਦਿਨਾਂ ਵਾਂਗ ਕੀਤੀ ਅਤੇ ਮੱਛੀ ਵੇਚਣ ਜਾਂਦੇ ਸਮੇਂ ਲਾਟਰੀ ਦੀ ਟਿਕਟ ਖਰੀਦੀ। ਜਿਸ ’ਚ 70 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ।
9 ਲੱਖ ਰੁਪਏ ਦਾ ਕਰਜ਼ਾ ਨਹੀਂ ਚੁਕਾ ਸਕੇ
ਪੁੰਕੁੰਜ ਨੇ ਇਕ ਟੈਲੀਵਿਜ਼ਨ ਚੈਨਲ ਨੂੰ ਦੱਸਿਆ ਕਿ ਜਦੋਂ ਉਹ ਬਾਅਦ ਦੁਪਹਿਰ ਘਰ ਆਇਆ ਤਾਂ ਪਤਾ ਲੱਗਾ ਕਿ ਬੈਂਕ ਨੇ ਉਸ ਦੇ ਘਰ ਦੇ ਸਬੰਧ ’ਚ ਕੁਰਕੀ ਦਾ ਨੋਟਿਸ ਭੇਜਿਆ ਹੈ ਕਿਉਂਕਿ ਉਹ 9 ਲੱਖ ਰੁਪਏ ਦਾ ਕਰਜ਼ਾ ਨਹੀਂ ਦੇ ਸਕਿਆ ਸੀ।
ਪਤਨੀ ਖੁਸ਼, ਕਿਹਾ- ਪਹਿਲਾਂ ਸਾਰਾ ਕਰਜ਼ਾ ਉਤਾਰਾਂਗੇ-
ਪੁੰਕੁਜ ਦੀ ਪਤਨੀ ਨੇ ਇਕ ਟੀ. ਵੀ. ਚੈਨਲ ਨੂੰ ਦੱਸਿਆ ਕਿ ਬੈਂਕ ਤੋਂ ਨੋਟਿਸ ਮਿਲਣ ਤੋਂ ਬਾਅਦ ਅਸੀਂ ਨਿਰਾਸ਼ ਸੀ। ਸਮਝ ਨਹੀਂ ਲੱਗ ਰਿਹਾ ਸੀ ਕਿ ਕੀ ਕਰੀਏ? ਬੈਂਕ ਕਰਜ਼ੇ ਤੋਂ ਇਲਾਵਾ ਵੀ ਉਨ੍ਹਾਂ ’ਤੇ 5 ਲੱਖ ਦਾ ਕਰਜ਼ਾ ਸੀ। ਪੁਕੁੰਜੂ ਦੀ ਪਤਨੀ ਨੇ ਕਿਹਾ ਕਿ ਉਹ ਹੁਣ ਪਹਿਲਾਂ ਆਪਣੇ ਸਾਰੇ ਕਰਜ਼ੇ ਉਤਾਰਣਗੇ ਅਤੇ ਫਿਰ ਯਕੀਨੀ ਕਰਨਗੇ ਕਿ ਉਨ੍ਹਾਂ ਦੇ ਬੱਚੇ ਚੰਗੀ ਸਿੱਖਿਆ ਹਾਸਲ ਕਰ ਸਕਣ, ਤਾਂ ਕਿ ਉਹ ਜ਼ਿੰਦਗੀ ’ਚ ਇਕ ਚੰਗੇ ਪੱਧਰ ਤੱਕ ਪਹੁੰਚ ਸਕਣ।