ਪਤੀ ਨੇ ਕਰਵਾਇਆ ਦੂਜਾ ਵਿਆਹ ਤਾਂ ਪਹਿਲੀ ਪਤਨੀ ਦਾ ਘਟਿਆ ਗੁਜ਼ਾਰਾ ਭੱਤਾ

04/21/2017 12:43:42 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਤਲਾਕ ਤੋਂ ਬਾਅਦ ਪਤੀ ਦਾ ਦੂਜਾ ਵਿਆਹ ਅਤੇ ਇਕ ਬੱਚੇ ਨੂੰ ਦੇਖਦੇ ਹੋਏ ਪਹਿਲੀ ਪਤਨੀ ਅਤ ੇਬੱਚੇ ਦੇ ਗੁਜ਼ਾਰੇ ਭੱਤੇ ਦੀ ਰਕਮ ਘਟਾ ਦਿੱਤੀ ਹੈ। ਜਸਟਿਸ ਆਰ. ਭਾਨੂੰਮਤੀ ਅਤੇ ਮੋਹਨ ਐੱਮ. ਸ਼ਾਂਤਨਗੌਡਰ ਦੀ ਬੈਂਚ ਨੇ ਪਤੀ ਦੀ ਪਟੀਸ਼ਨ ''ਤੇ ਹਾਈ ਕੋਰਟ ਵੱਲੋਂ ਤੈਅ 23 ਹਜ਼ਾਰ ਰੁਪਏ ਪ੍ਰਤੀ ਮਹੀਨਾ ਗੁਜ਼ਾਰੇ ਭੱਤੇ ਦੀ ਰਕਮ ਘਟਾ ਕੇ 20 ਹਜ਼ਾਰ ਪ੍ਰਤੀ ਮਹੀਨਾ ਕਰ ਦਿੱਤੀ ਹੈ। ਜਸਟਿਸ ਭਾਨੂੰਮਤੀ ਨੇ ਫੈਸਲਾ ਲਿਖਦੇ ਹੋਏ ਕੋਰਟ ਦੇ 1970 ਦੇ ਕੁਲਭੂਸ਼ਣ ਕੁਮਾਰ ਬਨਾਮ ਰਾਜ ਕੁਮਾਰੀ ਅਤੇ ਹੋਰ ਦੇ ਫੈਸਲੇ ਦਾ ਹਵਾਲਾ ਦਿੱਤਾ। ਇਸ ''ਚ ਵਿਵਸਥਾ ਦਿੱਤੀ ਗਈ ਸੀ ਕਿ ਪਤੀ ਦੀ ਕੁੱਲ ਤਨਖਾਹ ਦਾ 25 ਫੀਸਦੀ ਹਿੱਸਾ ਪਤਨੀ ਦੇ ਗੁਜ਼ਾਰੇ ਭੱਤੇ ''ਚ ਦਿੱਤਾ ਜਾਣਾ ਚਾਹੀਦਾ ਪਰ ਇਸ ਮਾਮਲੇ ''ਚ ਗੁਜ਼ਾਰਾ ਭੱਤਾ ਘੱਟ ਕਰਦੇ ਹੋਏ ਕੋਰਟ ਨੇ ਕਿਹਾ ਕਿ ਪਤਨੀ ਨੂੰ ਸਥਾਈ ਗੁਜ਼ਾਰੇ ਭੱਤੇ ਦੀ ਰਕਮ ਪੱਖਕਾਰਾਂ ਦੇ ਪੱਧਰ ਅਤੇ ਜੀਵਨਸਾਥੀ ਦੇ ਗੁਜ਼ਾਰਾ ਭੱਤਾ ਦੇਣ ਦੀ ਸਮਰੱਥਾ ਅਨੁਸਾਰ ਤੈਅ ਹੋਣੀ ਚਾਹੀਦੀ ਹੈ। ਗੁਜ਼ਾਰਾ ਭੱਤਾ ਹਮੇਸ਼ਾ ਹਰ ਕੇਸ ਦੇ ਹਾਲਾਤਾਂ ਅਨੁਸਾਰ ਤੈਅ ਹੁੰਦਾ ਹੈ। ਕੋਰਟ ਕਈ ਆਧਾਰਾਂ ''ਤੇ ਤੈਅ ਗੁਜ਼ਾਰੇ ਭੱਤੇ ''ਚ ਤਬਦੀਲੀ ਕਰ ਸਕਦਾ ਹੈ।
ਇਹ ਮਾਮਲਾ ਕੋਲਕਾਤਾ ਦਾ ਹੈ। ਇਸ ''ਚ ਪਤੀ ਨੇ ਸੁਪਰੀਮ ਕੋਰਟ ''ਚ ਪਟੀਸ਼ਨ ਦਾਇਰ ਕਰ ਕੇ ਹਾਈ ਕੋਰਟ ਵੱਲੋਂ ਗੁਜ਼ਾਰੇ ਭੱਤੇ ਦੀ ਰਕਮ 16 ਹਜ਼ਾਰ ਪ੍ਰਤੀ ਮਹੀਨਾ ਵਧਾ ਕੇ 23 ਹਜ਼ਾਰ ਕੀਤੇ ਜਾਣ ਦੀ ਚੁਣੌਤੀ ਦਿੱਤੀ ਸੀ। ਦੋਹਾਂ ਦਾ ਵਿਆਹ 1995 ''ਚ ਹੋਇਆ ਸੀ, ਉਨ੍ਹਾਂ ਦਾ ਇਕ ਬੇਟਾ ਵੀ ਹੈ। ਬਾਅਦ ''ਚ ਦੋਹਾਂ ਦਰਮਿਆਨ ਲੜਾਈ ਹੋਣ ਲੱਗੀ ਅਤੇ ਬਾਅਦ ''ਚ ਤਲਾਕ ਹੋ ਗਿਆ। ਕੋਰਟ ਨੇ ਪਤਨੀ ਦਾ ਗੁਜ਼ਾਰਾ ਭੱਤਾ ਤੈਅ ਕਰ ਦਿੱਤਾ। ਤਲਾਕ ਤੋਂ ਬਾਅਦ ਪਤੀ ਨੇ ਦੂਜਾ ਵਿਆਹ ਕਰ ਲਿਆ। ਦੂਜੇ ਵਿਆਹ ਤੋਂ ਵੀ ਇਕ ਬੇਟਾ ਹੈ। ਹਾਈ ਕੋਰਟ ਨੇ ਪਹਿਲੇ ਪਤਨੀ ਅਤੇ ਬੇਟੇ ਲਈ 16 ਹਜ਼ਾਰ ਰੁਪਏ ਹਰ ਮਹੀਨੇ ਗੁਜ਼ਾਰਾ ਭੱਤਾ ਤੈਅ ਕੀਤਾ ਸੀ ਪਰ ਬਾਅਦ ''ਚ ਪਤਨੀ ਦੀ ਅਰਜ਼ੀ ''ਤੇ ਹਾਈ ਕੋਰਟ ਨੇ ਗੁਜ਼ਾਰਾ ਭੱਤਾ ਵਧਾ ਕੇ 23 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਸੀ।


Disha

News Editor

Related News