ਮਨਾਲੀ ’ਚ ਸਰਦੀਆਂ ਦੀ ਪਹਿਲੀ ਬਰਫ਼ਬਾਰੀ, ਲਾਹੌਲ ਦੀਆਂ ਸਾਰੀਆਂ ਸੜਕਾਂ ਬੰਦ

Monday, Nov 14, 2022 - 09:27 PM (IST)

ਮਨਾਲੀ ’ਚ ਸਰਦੀਆਂ ਦੀ ਪਹਿਲੀ ਬਰਫ਼ਬਾਰੀ, ਲਾਹੌਲ ਦੀਆਂ ਸਾਰੀਆਂ ਸੜਕਾਂ ਬੰਦ

ਪਾਟਲੀਕੂਹਲ (ਬਿਊਰੋ) : ਹਿਮਾਚਲ ਦੇ ਪਹਾੜ ਬਰਫ਼ ਨਾਲ ਢਕ ਗਏ ਹਨ। ਸੈਲਾਨੀ ਸ਼ਹਿਰ ਮਨਾਲੀ ’ਚ ਸਰਦੀਆਂ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਹਾਲਾਂਕਿ ਮਨਾਲੀ ’ਚ ਜਨਜੀਵਨ ਅਜੇ ਵੀ ਆਮ ਵਾਂਗ ਹੈ ਅਤੇ ਬਾਹਰਲੇ ਸੂਬਿਆਂ ਤੋਂ ਸੈਲਾਨੀ ਮਨਾਲੀ ਆ ਰਹੇ ਹਨ ਪਰ ਲਾਹੌਲ-ਸਪਿਤੀ ’ਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਲਾਹੌਲ ਦੇ ਕੋਕਸਰ ’ਚ 1 ਫੁੱਟ, ਦਾਰਚਾ, ਕੇਲੌਂਗ, ਸਿਸੂ, ਜਾਹਲਮਾ, ਉਦੈਪੁਰ ’ਚ ਅੱਧਾ ਫੁੱਟ, ਟਿੰਦੀ ’ਚ 5 ਇੰਚ ਅਤੇ ਸਪਿਤੀ ਦੇ ਲੋਸਰ ’ਚ 3 ਇੰਚ ਬਰਫਬਾਰੀ ਹੋਈ ਹੈ। ਬਰਫ਼ਬਾਰੀ ਕਾਰਨ ਬੀ. ਆਰ. ਓ. ਦੀਆਂ ਸਾਰੀਆਂ ਸੜਕਾਂ ਬੰਦ ਹਨ, ਨਾਲ ਹੀ  ਪੀ. ਡਬਲਯੂ. ਡੀ. ਦੇ ਸਾਰੇ ਸੰਪਰਕ ਮਾਰਗਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਐਤਵਾਰ ਸ਼ਾਮ ਤੋਂ ਰੋਹਤਾਂਗ, ਕੁੰਜਮ, ਸ਼ਿੰਕੁਲਾ ਅਤੇ ਬਾਰਾਲਾਚਾ ਦੱਰੇ ’ਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਇਨ੍ਹਾਂ ਦੱਰਿਆਂ ’ਚ ਡੇਢ ਤੋਂ ਦੋ ਫੁੱਟ ਵਿਚਾਲੇ ਬਰਫ਼ ਦੀ ਮੋਟੀ ਪਰਤ ਵਿਛ ਗਈ ਹੈ।

ਇਹ ਖ਼ਬਰ ਵੀ ਪੜ੍ਹੋ : T20 ਵਰਲਡ ਕੱਪ ’ਚ ਪਾਕਿਸਤਾਨ ਦੀ ਹਾਰ ਮਗਰੋਂ ਮੋਗਾ ’ਚ ਭਿੜੇ ਵਿਦਿਆਰਥੀਆਂ ਦੇ ਦੋ ਗਰੁੱਪ, ਜੰਮ ਕੇ ਹੋਇਆ ਪਥਰਾਅ

ਬੀ. ਆਰ. ਓ. ਦੇ ਸਾਰੇ ਰਾਸ਼ਟਰੀ ਰਾਜਮਾਰਗਾਂ ’ਚ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ। ਦੂਜੇ ਪਾਸੇ ਅਟਲ ਟਨਲ ਦੇ ਦੋਵੇਂ ਸਿਰਿਆਂ ਦੇ ਨਾਲ-ਨਾਲ ਮਨਾਲੀ ਦੇ ਉਚਾਈ ਵਾਲੇ ਪੇਂਡੂ ਖੇਤਰਾਂ, ਕੋਠੀ, ਸੋਲਾਂਗ, ਪਲਚਾਨ, ਕੁਲੰਗ, ਮਝਾਚ ਅਤੇ ਬਰੂਆ, ਵਸ਼ਿਸ਼ਟ, ਮਨਾਲੀ ਪਿੰਡ, ਸਿਆਲ ਛਿਆਲ ਸਮੇਤ ਸੈਰ-ਸਪਾਟਾ ਨਗਰੀ ’ਚ ਵੀ ਬਰਫ਼ਬਾਰੀ ਹੋਈ। ਘਾਟੀ ’ਚ ਬਾਰਿਸ਼ ਜਾਰੀ ਹੈ, ਜਿਸ ਕਾਰਨ ਠੰਡ ਵਧ ਗਈ ਹੈ। ਬਰਫ਼ਬਾਰੀ ਦੇ ਮੱਦੇਨਜ਼ਰ ਲਾਹੌਲ-ਸਪਿਤੀ ਪੁਲਸ ਨੇ ਘਾਟੀ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਹੈ। ਐੱਸ. ਪੀ. ਲਾਹੌਲ-ਸਪਿਤੀ ਮਾਨਵ ਵਰਮਾ ਨੇ ਦੱਸਿਆ ਕਿ ਘਾਟੀ ’ਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਧੁੰਧੀ ਨੇੜੇ ਬਰਫ਼ਬਾਰੀ ਕਾਰਨ ਵਾਹਨ ਤਿਲਕ ਰਹੇ ਹਨ। ਉਨ੍ਹਾਂ ਲੋਕਾਂ ਨੂੰ ਮੌਸਮ ਦੇ ਖੁੱਲ੍ਹਣ ਤੱਕ ਯਾਤਰਾ ਨਾ ਕਰਨ ਦੀ ਅਪੀਲ ਕੀਤੀ। ਐੱਸ. ਡੀ. ਐੱਮ. ਮਨਾਲੀ ਸੁਰਿੰਦਰ ਨੇ ਦੱਸਿਆ ਕਿ ਮਨਾਲੀ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਹੋ ਰਹੀ ਹੈ। ਉਨ੍ਹਾਂ ਸੈਲਾਨੀਆਂ ਨੂੰ ਉਚਾਈ ਵਾਲੇ ਇਲਾਕਿਆਂ ’ਚ ਨਾ ਜਾਣ ਦੀ ਅਪੀਲ ਕੀਤੀ। ਸੋਲਾਂਗ ਅਤੇ ਪਲਚਾਨ ਸੈਰ-ਸਪਾਟਾ ਸਥਾਨਾਂ ’ਤੇ ਸੈਲਾਨੀ ਬਰਫ ਦਾ ਆਨੰਦ ਲੈ ਸਕਦੇ ਹਨ।


author

Manoj

Content Editor

Related News