ਐਵਰੈਸਟ ਫਤਿਹ ਕਰਨ ਵਾਲੇ IAS ਅਫਸਰ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ

06/05/2019 3:48:19 PM

ਨਵੀਂ ਦਿੱਲੀ (ਭਾਸ਼ਾ)— ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਪਹੁੰਚਣ ਵਾਲਾ ਆਈ. ਏ. ਐੱਸ. ਦਾ ਪਹਿਲਾ ਅਧਿਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਰਵਿੰਦਰ ਕੁਮਾਰ ਨੇ ਹਿਮਾਲਿਆ ਦੇ ਸ਼ਿਖਰ 'ਤੇ ਗੰਗਾਜਲ ਲੈ ਜਾ ਕੇ ਵਾਤਾਵਰਣ, ਨਦੀ ਅਤੇ ਪਾਣੀ ਦੀ ਸਾਂਭ-ਸੰਭਾਲ ਕਰਨ ਦੀ ਅਪੀਲ ਕੀਤੀ ਹੈ। ਵਾਤਾਵਰਣ ਦਿਵਸ ਮੌਕੇ ਰਵਿੰਦਰ ਨੇ ਆਪਣੇ ਚੁਣੌਤੀਪੂਰਨ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਦੂਜੀ ਐਵਰੈਸਟ ਮੁਹਿੰਮ 23 ਮਈ ਨੂੰ ਪੂਰੀ ਕੀਤੀ। 2011 ਬੈਂਚ ਦੇ ਉੱਤਰ ਪ੍ਰਦੇਸ਼ ਕੈਂਡਰ ਦੇ ਆਈ. ਏ. ਐੱਸ. ਅਧਿਕਾਰੀ ਰਵਿੰਦਰ ਕੁਮਾਰ ਨਦੀ ਅਤੇ ਪਾਣੀ ਦੀ ਸੰਭਾਲ ਦੇ ਸੰਦੇਸ਼ ਦੇ ਰੂਪ 'ਚ ਐਵਰੈਸਟ 'ਤੇ ਗੰਗਾਜਲ ਲੈ ਕੇ ਗਏ ਸਨ। ਫਿਲਹਾਲ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰਾਲੇ ਵਿਚ ਤਾਇਨਾਤ ਰਵਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਐਵਰੈਸਟ ਤੋਂ ਭਾਰਤ ਅਤੇ ਦੁਨੀਆ ਦੇ ਲੋਕਾਂ ਨੂੰ ਗੰਗਾ ਅਤੇ ਹਿਮਾਲਿਆ ਵਰਗੀ ਕੁਦਰਤੀ ਦੀ ਬੇਸ਼ਕੀਮਤੀ ਵਿਰਾਸਤਾਂ ਦੀ ਸੁਰੱਖਿਆ ਲਈ ਪਾਣੀ ਦੀ ਬਰਬਾਦੀ ਨੂੰ ਰੋਕਣ ਦੀ ਅਪੀਲ ਕੀਤੀ ਹੈ।

ਆਪਣੀ ਦੂਜੀ ਮੁਹਿੰਮ ਤੋਂ ਬਾਅਦ ਉਹ ਦੁਨੀਆ ਦੇ ਉਨ੍ਹਾਂ ਦਰਜਨਾਂ ਲੋਕਾਂ 'ਚ ਸ਼ੁਮਾਰ ਹੋ ਗਏ ਹਨ, ਜੋ ਨੇਪਾਲ ਅਤੇ ਚੀਨ ਦੋਹਾਂ ਪਾਸਿਓਂ ਐਵਰੈਸਟ 'ਤੇ ਪਹੁੰਚਣ ਵਿਚ ਸਫਲ ਰਹੇ। ਇਹ ਪ੍ਰਾਪਤੀ ਹਾਸਲ ਕਰਨ ਵਾਲਿਆਂ 'ਚ ਦੁਨੀਆ ਦੇ ਮਸ਼ਹੂਰ ਪਰਬਤਾਰੋਹੀ ਕੁਸ਼ਾਂਗ ਸ਼ੇਰਪਾ ਅਤੇ ਲਵਰਾਜ ਸਿੰਘ ਸ਼ਾਮਲ ਹਨ। ਰਵਿੰਦਰ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰਾਲੇ ਦੀ 'ਨਮਾਮਿ ਗੰਗੇ' ਮੁਹਿੰਮ ਵਿਚ ਕੰਮ ਕਰਨ ਦੌਰਾਨ ਉਨ੍ਹਾਂ ਨੂੰ ਨਦੀਆਂ ਦੀ ਮਾੜੀ ਹਾਲਤ ਤੋਂ ਕੁਦਰਤ ਅਤੇ ਜੀਵ ਜਗਤ ਨੂੰ ਹੋ ਰਹੇ ਨੁਕਸਾਨ ਦਾ ਅਹਿਸਾਸ ਹੋਇਆ। ਉਨ੍ਹਾਂ ਕਿਹਾ ਕਿ ਗੰਗਾ ਕੁਦਰਤ ਦੀ ਅਜਿਹੀ ਦੇਣ ਹੈ, ਜਿਸ ਨੂੰ ਇਕ ਵਾਰ ਖਤਮ ਹੋਣ 'ਤੇ ਦੁਨੀਆ ਦੀ ਕਿਸੇ ਵੀ ਤਕਨੀਕ ਤੋਂ ਮੁੜ ਹਾਸਲ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਿਮਾਲਿਆ ਮਨੁੱਖ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੋਂ ਮੁਕਤ ਨਹੀਂ ਹੈ।  ਬਰਫ 'ਚ ਦਫਨ ਪਰਬਤਾਰੋਹੀਆਂ ਦੀਆਂ ਦਹਾਕਿਆਂ ਪੁਰਾਣੀਆਂ ਲਾਸ਼ਾਂ ਇਸ ਸਥਿਤੀ ਦੀ ਭਿਆਨਕ ਤਸਵੀਰ ਨੂੰ ਉਜਾਗਰ ਕਰਦੀ ਹੈ।


Tanu

Content Editor

Related News