ਰਾਏਪੁਰ ਦੇ ਹਸਪਤਾਲ 'ਚ ਲੱਗੀ ਅੱਗ, ਕੋਰੋਨਾ ਮਰੀਜ਼ ਵੀ ਸਨ ਦਾਖਲ, 5 ਦੀ ਮੌਤ
Saturday, Apr 17, 2021 - 09:16 PM (IST)
ਰਾਏਪੁਰ - ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਇਕ ਨਿੱਜੀ ਕੋਰੋਨਾ ਹਸਪਤਾਲ ’ਚ ਅੱਗ ਲੱਗਣ ਨਾਲ 5 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 4 ਕੋਰੋਨਾ ਪਾਜ਼ੇਟਿਵ ਸਨ। 4 ਮਰੀਜ਼ਾਂ ਦੀ ਮੌਤ ਦਮ ਘੁਟਣ ਕਾਰਨ , ਜਦਕਿ ਇਕ ਮਰੀਜ਼ ਦੀ ਸੜ ਕੇ ਮੌਤ ਹੋਈ ਹੈ। ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4- 4 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਰਾਏਪੁਰ ਦੇ ਪਚਪੇੜੀ ਨਾਕੇ ਕੋਲ ਸਥਿਤ ਰਾਜਧਾਨੀ ਹਸਪਤਾਲ ਵਿੱਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਇਸ ਹਸਪਤਾਲ ਵਿੱਚ ਆਮ ਮਰੀਜ਼ਾਂ ਤੋਂ ਇਲਾਵਾ ਵੱਖਰੇ ਵਾਰਡ ਵਿੱਚ ਕੋਵਿਡ ਦੇ ਮਰੀਜ਼ ਵੀ ਦਾਖਲ ਸਨ ਪਰ ਅੱਜ ਸ਼ਾਰਟ ਸਰਕਿਟ ਦੀ ਵਜ੍ਹਾ ਨਾਲ ਆਈ.ਸੀ.ਯੂ. ਵਿੱਚ ਅੱਗ ਲੱਗ ਗਈ। ਜਿਸ ਸਮੇਂ ਇਹ ਅੱਗ ਲੱਗੀ ਉਸ ਸਮੇਂ ਹਸਪਤਾਲ ਵਿੱਚ ਲੱਗਭੱਗ 50 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ।
ਇਹ ਵੀ ਪੜ੍ਹੋ- ਭੋਪਾਲ ਦੇ ਹਸਪਤਾਲ ਤੋਂ 800 ਤੋਂ ਜ਼ਿਆਦਾ ਰੈਮੇਡਿਸੀਵਰ ਇੰਜੈਕਸ਼ਨ ਚੋਰੀ, ਮਚੀ ਭਾਜੜ
ਅੱਗ ਲੱਗਣ ਤੋਂ ਬਾਅਦ ਤੁਰੰਤ ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿੱਚ ਸ਼ਿਫਟ ਕੀਤਾ ਜਾਣ ਲੱਗਾ ਪਰ ਉਦੋਂ ਤੱਕ ਦੋ ਮਰੀਜ਼ਾਂ ਦੀ ਮੌਤ ਚੁੱਕੀ ਸੀ। ਪੁਲਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ਵਿੱਚ ਲੱਗ ਗਈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਨਾਗਪੁਰ ਦੇ ਵਾਡੀ ਇਲਾਕੇ ਵਿੱਚ ਵੇਲ ਟਰੀਟ ਕੋਵਿਡ ਹਸਪਤਾਲ ਦੇ ਆਈ.ਸੀ.ਯੂ. ਵਿੱਚ ਵੀ ਅੱਗ ਲੱਗ ਗਈ ਸੀ। ਅੱਗ ਲੱਗਣ ਦੀ ਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।