ਟ੍ਰਾਂਸਫਾਰਮ ਗੋਦਾਮ 'ਚ ਲੱਗੀ ਭਿਆਨਕ ਅੱਗ, ਆਸਮਾਨ ਤਕ ਉਠੀਆਂ ਲਪਟਾਂ, ਪਿਆ ਚੀਕ-ਚਿਹਾੜਾ
Friday, Apr 05, 2024 - 04:25 PM (IST)
ਪਾਏਪੁਰ- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਭਾਰਤ ਮਾਤਾ ਚੌਂਕ ਨੇੜੇ ਬਿਜਲੀ ਵਿਭਾਗ ਦੇ ਸਬ ਡਿਵੀਜ਼ਨ ਦਫ਼ਤਰ ਦੇ ਗੋਦਾਮ 'ਚ ਰੱਖੇ ਟ੍ਰਾਂਸਫਾਰਮ 'ਚ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ ਅਤੇ ਉਸ ਵਿਚ ਭਿਆਨਕ ਅੱਗ ਲੱਗ ਗਈ। ਖ਼ਬਰਾਂ ਮੁਤਾਬਕ, ਗੋਦਾਮ 'ਚ ਰੱਖੇ ਕਰੀਬ 1500 ਟ੍ਰਾਂਸਫਾਰਮ ਸੜ ਕੇ ਸੁਆਹ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਗੋਦਾਮ 'ਚ ਕਰੀਬ 6000 ਟ੍ਰਾਂਸਫਾਰਮ ਰੱਖੇ ਹੋਏ ਹਨ। ਜਿੱਥੇ ਬਿਜਲੀ ਵਿਭਾਗ ਦੇ ਦਫਤਰ 'ਚ ਅੱਗ ਲੱਗੀ ਹੈ ਉਥੇ ਮੌਜੂਦ ਲੋਕਾਂ 'ਚ ਹਫੜਾ-ਦਫੜੀ ਮਚ ਗਈ। ਇਹ ਪੂਰਾ ਮਾਮਲਾ ਗੁੜੀਯਾਰੀ ਥਾਣਾ ਖੇਤਰ ਦਾ ਹੈ।
ਦੇਖਦੇ ਹੀ ਦੇਖਦੇ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਆਸਮਾਨ 'ਚ ਦੂਰੋਂ ਧੂੰਏ ਦਾ ਗੁਬਾਰ ਨਜ਼ਰ ਆ ਰਿਹਾ ਹੈ। ਸਥਾਨਕ ਲੋਕਾਂ ਨੇ ਭਿਆਨਕ ਅੱਗ 'ਤੇ ਕਾਬੂ ਪਾਉਣ ਲਈ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅੱਗ ਬੁਝਾਉਣ ਲਈ ਪਹੁੰਚ ਗਈਆਂ। ਫਾਇਰ ਬ੍ਰਿਗੇਡ ਮੁਲਾਜ਼ਮ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਿਜਲੀ ਵਿਭਾਗ ਦੇ ਸਬ ਡਿਵੀਜ਼ਨ ਦਫਤਰ ਦੇ ਗੋਦਾਮ 'ਚ ਅੱਗ ਲੱਗਣ ਨਾਲ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।