ਹਿਮਾਚਲ ਦੇ ਕਿੰਨੌਰ ''ਚ ਮਕਾਨ ਨੂੰ ਲੱਗੀ ਅੱਗ, ਦੋ ਮਜ਼ਦੂਰ ਜ਼ਿੰਦਾ ਸੜੇ

Wednesday, Jan 24, 2024 - 09:35 PM (IST)

ਹਿਮਾਚਲ ਦੇ ਕਿੰਨੌਰ ''ਚ ਮਕਾਨ ਨੂੰ ਲੱਗੀ ਅੱਗ, ਦੋ ਮਜ਼ਦੂਰ ਜ਼ਿੰਦਾ ਸੜੇ

ਸ਼ਿਮਲਾ — ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਨਾਥਪਾ ਖਾਸ 'ਚ ਅੱਗ ਲੱਗਣ ਨਾਲ ਤਿੰਨ ਕਮਰਿਆਂ ਵਾਲਾ ਘਰ ਸੜ ਕੇ ਸੁਆਹ ਹੋ ਗਿਆ। ਇਸ ਅੱਗ ਵਿੱਚ ਨੇਪਾਲ ਮੂਲ ਦੇ ਦੋ ਲੋਕ ਜ਼ਿੰਦਾ ਸੜ ਗਏ ਸਨ। ਪੁਲਿਸ ਨੇ ਲਾਸ਼ਾਂ ਨੂੰ ਫੋਰੈਂਸਿਕ ਜਾਂਚ ਲਈ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਭੇਜ ਦਿੱਤਾ ਹੈ। ਭਾਵਨਗਰ ਥਾਣੇ ਦੇ ਡੀਐਸਪੀ ਨਰੇਸ਼ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਜੇਕਰ ਪਿੰਡ ਵਾਸੀਆਂ ਨੇ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਹੁੰਦਾ ਤਾਂ ਪੂਰਾ ਨਾਥਪਾ ਪਿੰਡ ਅੱਗ ਦੀ ਲਪੇਟ ਵਿੱਚ ਆ ਜਾਣਾ ਸੀ। ਪਿੰਡ ਵਾਸੀਆਂ ਦੀ ਚੌਕਸੀ ਕਾਰਨ ਵੱਡਾ ਹਾਦਸਾ ਟਲ ਸਕਿਆ। ਨਿਕੜ ਬਲਾਕ ਦੇ ਨਾਥਪਾ ਖਾਸ ਪਿੰਡ 'ਚ ਦੋਫਲੀ ਨੰਦ ਦੇ ਘਰ ਮੰਗਲਵਾਰ ਰਾਤ ਕਰੀਬ 8 ਵਜੇ ਅਚਾਨਕ ਅੱਗ ਲੱਗ ਗਈ। ਲੱਕੜ ਦੇ ਬਣੇ ਇਸ ਘਰ ਵਿੱਚ ਤਿੰਨ ਕਮਰੇ ਸਨ, ਜੋ ਕੁਝ ਸਮੇਂ ਵਿੱਚ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਬਾਰੇ ਜਿਵੇਂ ਹੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਸਾਰਿਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਪਿੰਡ ਵਾਸੀਆਂ ਨੇ ਕਰੀਬ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਜਦੋਂ ਅੱਗ ਬੁਝਾਈ ਤਾਂ ਪਿੰਡ ਵਾਸੀਆਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਕਿ ਅੰਦਰ ਨੇਪਾਲ ਮੂਲ ਦੇ ਦੋ ਵਿਅਕਤੀ ਜ਼ਿੰਦਾ ਸੜ ਚੁੱਕੇ ਸਨ।

ਪੁਲਸ ਨੇ ਦੱਸਿਆ ਕਿ ਇਸ ਅੱਗ ਦੀ ਘਟਨਾ ਵਿੱਚ ਮਨੋਰੰਜਨ (45) ਅਤੇ ਨੰਦ ਲਾਲ (42) ਦੀ ਮੌਤ ਹੋ ਗਈ। ਇਹ ਦੋਵੇਂ ਮਜ਼ਦੂਰੀ ਦਾ ਕੰਮ ਕਰਦੇ ਸਨ ਅਤੇ ਪਿਛਲੇ ਦੋ ਮਹੀਨਿਆਂ ਤੋਂ ਦੋਫਲੀ ਨੰਦ ਦੇ ਘਰ ਰਹਿ ਰਹੇ ਸਨ। ਉਪ ਪੁਲਸ ਕਪਤਾਨ ਨਰੇਸ਼ ਸ਼ਰਮਾ ਅਤੇ ਭਾਵਨਗਰ ਦੀ ਐਸਡੀਐਮ ਬਿਮਲਾ ਵਰਮਾ ਨੇ ਮੌਕੇ ਦਾ ਜਾਇਜ਼ਾ ਲਿਆ। ਐਸਡੀਐਮ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਰੀਬ 15 ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਪੁਲਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਰਾਹਤ ਰਾਸ਼ੀ ਦਿੱਤੀ ਜਾਵੇਗੀ।

 


author

Inder Prajapati

Content Editor

Related News