ਗੋਦਾਮ ''ਚ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤੱਕ ਫੈਲਿਆ ਆਸਮਾਨ ''ਚ ਧੂੰਏਂ ਦਾ ਗੁਬਾਰ

Monday, Mar 25, 2024 - 10:13 AM (IST)

ਗੋਦਾਮ ''ਚ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤੱਕ ਫੈਲਿਆ ਆਸਮਾਨ ''ਚ ਧੂੰਏਂ ਦਾ ਗੁਬਾਰ

ਨਵੀਂ ਦਿੱਲੀ- ਦਿੱਲੀ ਦੇ ਬੁੱਧਪੁਰ ਅਲੀਪੁਰ ਇਲਾਕੇ ਵਿਚ ਸਥਿਤ ਇਕ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਇਸ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਇਹ ਜਾਣਕਾਰੀ ਦਿੱਲੀ ਫਾਇਰ ਬ੍ਰਿਗੇਡ ਸੇਵਾ (DFS) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦਿੱਤੀ। DFS ਮੁਖੀ ਅਤੁਲ ਗਰਗ ਨੇ ਕਿਹਾ ਕਿ ਫਾਇਰ ਕੰਟਰੋਲ ਰੂਮ ਨੂੰ ਸਵੇਰੇ 6.15 ਵਜੇ ਕਾਲ ਜ਼ਰੀਏ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਕੁੱਲ 34 ਗੱਡੀਆਂ ਨੂੰ ਅੱਗ ਬੁਝਾਉਣ ਲਈ ਲਾਇਆ ਗਿਆ ਹੈ।

ਅੱਗ ਤੇਲ ਦੇ ਇਕ ਗੋਦਾਮ ਵਿਚ ਲੱਗੀ ਹੈ। ਇਕ ਵੱਡਾ ਖੇਤਰ ਅੱਗ ਦੀ ਲਪੇਟ ਵਿਚ ਹੈ। ਅੱਗ ਦੀਆਂ ਲਪਟਾਂ ਉੱਪਰ ਤੱਕ ਨਿਕਲਣ ਲੱਗੀਆਂ ਅਤੇ ਧੂੰਏਂ ਦਾ ਗੁਬਾਰ ਆਸਮਾਨ ਨੂੰ ਛੂਹਣ ਲੱਗਾ। ਮੌਕੇ 'ਤੇ ਚੀਫ਼ ਫਾਇਰ ਅਫ਼ਸਰ ਵਰਿੰਦਰ ਸਿੰਘ, ਡਿਪਟੀ ਚੀਫ਼ ਫਾਇਰ ਅਫ਼ਸਰ ਐਸ. ਕੇ. ਦੁਆ, ਡਿਵੀਜ਼ਨਲ ਅਫ਼ਸਰ ਰਾਜਿੰਦਰ ਅਟਵਾਲ, ਮਨੋਜ ਸ਼ਰਮਾ ਸਮੇਤ 125 ਤੋਂ ਵੱਧ ਫਾਇਰ ਕਰਮਚਾਰੀ ਅੱਗ ਬੁਝਾਉਣ ਵਿਚ ਜੁਟੇ ਹੋਏ ਹਨ। ਜਦੋਂ ਇਸ ਇਲਾਕੇ ਦੇ ਲੋਕ ਸਵੇਰੇ ਉੱਠੇ ਤਾਂ ਚਾਰੇ ਪਾਸੇ ਕਾਲਾ ਧੂੰਆਂ ਹੀ ਨਜ਼ਰ ਆਇਆ।

ਏ.ਸੀ., ਫਰਿੱਜ ਕੰਪ੍ਰੈਸ਼ਰ ਦੇ ਗੋਦਾਮ 'ਚ ਲੱਗੀ ਅੱਗ

ਜਾਣਕਾਰੀ ਅਨੁਸਾਰ ਅੱਗ ਇਕ ਤੇਲ ਦੇ ਗੋਦਾਮ ਤੋਂ ਸ਼ੁਰੂ ਹੋਈ ਅਤੇ ਵਰਲਪੂਲ ਕੰਪਨੀ ਦਾ ਗੋਦਾਮ ਵੀ ਪ੍ਰਭਾਵਿਤ ਹੋਇਆ ਹੈ। ਇੱਥੇ ਵੱਡੀ ਗਿਣਤੀ ਵਿਚ ਵੱਡੇ ਗੋਦਾਮ ਬਣੇ ਹੋਏ ਹਨ। ਏ.ਸੀ., ਫਰਿੱਜ ਕੰਪ੍ਰੈਸ਼ਰ ਆਦਿ ਦੇ ਇਕ ਵੱਡੇ ਗੋਦਾਮ 'ਚ ਅੱਗ ਲੱਗ ਗਈ ਅਤੇ ਇਹ ਹੌਲੀ-ਹੌਲੀ ਨੇੜਲੇ ਕਰਿਆਨੇ ਦੇ ਗੋਦਾਮ ਵਿਚ ਫੈਲ ਗਈ ਅਤੇ ਕੁਝ ਹੀ ਸਮੇਂ 'ਚ ਵੱਡੇ ਗੋਦਾਮ ਵੀ ਪ੍ਰਭਾਵਿਤ ਹੋਏ। ਖੁਸ਼ਕਿਸਮਤੀ ਰਹੀ ਕਿ ਅੱਗ ਲੱਗਣ 'ਤੇ ਸਾਰੇ ਬਾਹਰ ਆ ਗਏ। ਅੰਦਰ ਕਿਸੇ ਦੇ ਫਸੇ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਹੋਲੀ ਦੇ ਤਿਉਹਾਰ ਵਾਲੇ ਦਿਨ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫਿਲਹਾਲ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।


author

Tanu

Content Editor

Related News