ਘਰ ਨੂੰ ਅੱਗ ਲੱਗਣ ਕਾਰਨ ਬੀਮਾਰ ਵਿਅਕਤੀ ਜਿਊਂਦਾ ਸੜਿਆ

Friday, Jan 24, 2025 - 05:37 PM (IST)

ਘਰ ਨੂੰ ਅੱਗ ਲੱਗਣ ਕਾਰਨ ਬੀਮਾਰ ਵਿਅਕਤੀ ਜਿਊਂਦਾ ਸੜਿਆ

ਫਿਲੌਰ/ਅੱਪਰਾ (ਭਾਖੜੀ) : ਫਿਲੌਰ ਦੇ ਨੇੜੇ ਪਿੰਡ ਮੰਡੀ ਵਿਚ ਅੱਜ ਇਕ ਘਰ ਵਿਚ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਘਰ ਵਿਚ ਸੋ ਰਿਹਾ ਬੀਮਾਰ ਵਿਅਕਤੀ ਜਿਊਂਦਾ ਸੜ ਗਿਆ। ਘਰ ਵਿਚੋਂ ਧੂੰਆਂ ਨਿਕਲਦਾ ਦੇਖ ਕੇ ਪਿੰਡ ਵਾਸੀਆਂ ਨੇ ਵਿਅਕਤੀ ਦੀ ਲਾਸ਼ ਨੂੰ ਛੱਤ ਪਾੜ ਕੇ ਬਾਹਰ ਕੱਢਿਆ। ਮਿਲੀ ਜਾਣਕਾਰੀ ਮੁਤਾਬਕ ਅੱਜ ਨੇੜਲੇ ਪਿੰਡ ਮੰਡੀ ਵਿਚ ਮ੍ਰਿਤਕ ਵਿਅਕਤੀ ਗੁਰਦਾਵਰ ਚੰਦ ਪੁੱਤਰ ਭਗਤ ਰਾਮ (55) ਪਹਿਲਾਂ ਦੁਪੱਟੇ ਰੰਗਣ ਦਾ ਕੰਮ ਕਰਦਾ ਸੀ। ਗੁਰਦਾਵਰ ਚੰਦ ਪਿਛਲੇ ਕੁਝ ਸਮੇਂ ਤੋਂ ਬੀਮਾਰ ਰਹਿੰਦਾ ਸੀ। ਉਸ ਦੀ ਇਕ ਲੱਤ ‘ਤੇ ਸੱਟ ਲੱਗੀ ਹੋਈ ਸੀ ਅਤੇ ਉਹ ਟੀ.ਬੀ. ਦੀ ਬੀਮਾਰੀ ਦਾ ਵੀ ਮਰੀਜ਼ ਸੀ। ਗੁਰਦਾਵਰ ਰਾਮ ਦੇ ਦੋ ਲੜਕੇ ਅਤੇ ਇਕ ਲੜਕੀ ਸੀ। ਲੜਕੀ ਗੁਰਦਾਵਰ ਰਾਮ ਦੇ ਸਹੁਰੇ ਵਾਲਿਆਂ ਦੇ ਕੋਲ ਰਹਿੰਦੀ ਸੀ। ਉਨ੍ਹਾਂ ਨੇ ਹੀ ਉਸ ਦਾ ਵਿਆਹ ਕੀਤਾ ਸੀ। ਗੁਰਦਾਵਰ ਰਾਮ ਦਾ ਇਕ ਲੜਕਾ ਵਿਦੇਸ਼ ਦੁਬਈ ਚਲਾ ਗਿਆ ਸੀ। 

ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਕੱਲ ਮ੍ਰਿਤਕ ਦੀ ਪਤਨੀ ਅਤੇ ਦੂਜਾ ਲੜਕਾ ਮੋਗਾ ਵਿਚ ਕਿਸੇ ਕੰਮ ਗਏ ਹੋਏ ਸਨ ਜਦੋਂ ਅੱਗ ਲੱਗੀ ਤਾਂ ਗੁਰਦਾਵਰ ਰਾਮ ਘਰ ਵਿਚ ਇਕੱਲਾ ਹੀ ਸੀ। ਮੌਕੇ ‘ਤੇ ਇਕੱਠੇ ਹੋਏ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਘਰ ਵਿਚੋਂ ਧੂੰਆਂ ਨਿਕਲਦਾ ਦੇਖ ਕੇ ਜਦੋਂ ਉਨ੍ਹਾਂ ਨੇ ਉਸ ਦੇ ਘਰ ਦਾ ਦਰਵਾਜ਼ਾ ਕਈ ਵਾਰ ਖੜਕਾਇਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਜਿਸ ਕਾਰਨ ਪਿੰਡ ਵਾਸੀਆਂ ਨੇ ਪੌੜੀ ਲਾ ਕੇ ਛੱਡ ’ਤੇ ਚੜ੍ਹ ਕੇ ਛੱਤ ਪਾੜ ਕੇ ਦੇਖਿਆ ਤਾਂ ਗੁਰਦਾਵਰ ਰਾਮ ਸਮੇਤ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਉਸ ਦੀ ਲਾਸ਼ ਨੂੰ ਛੱਤ ਦੇ ਜ਼ਰੀਏ ਬਾਹਰ ਕੱਢਿਆ ਗਿਆ ਜੋ 100 ਫੀਸਦੀ ਸੜ ਚੁੱਕਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਅੱਪਰਾ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਪੁਲਸ ਪਾਰਟੀ ਦੇ ਨਾਲ ਘਟਨਾ ਸਥਾਨ ’ਤੇ ਪੁੱਜ ਗਏ ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਫਿਲੌਰ ਭੇਜਿਆ।

ਚੌਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਅੰਦਾਜਾ ਹੈ ਕਿ ਘਰ ਵਿਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਜਿਸ ਕਾਰਨ ਘਰ ਵਿਚ ਪਏ ਕੱਪੜੇ ਨੂੰ ਅੱਗ ਲਗ ਗਈ ਅਤੇ ਇਹ ਹਾਦਸਾ ਵਾਪਰਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਦਾਵਰ ਰਾਮ ਦਾ ਪਰਿਵਾਰ ਬਹੁਤ ਹੀ ਗਰੀਬ ਅਤੇ ਲੋੜਵੰਦ ਹੈ। ਇਸ ਲਈ ਗੁਰਦਾਵਰ ਰਾਮ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।


author

Gurminder Singh

Content Editor

Related News