ਵਿਆਹ ਦਾ ਲਾਰਾ ਲਾ 10 ਸਾਲ ਤੱਕ ਬਣਾਉਂਦਾ ਰਿਹਾ ਸਰੀਰਕ ਸਬੰਧ, ਕਈ ਵਾਰ ਕਰਵਾਇਆ ਗਰਭਪਾਤ
Thursday, Jan 30, 2025 - 01:55 PM (IST)
ਖਰੜ (ਰਣਬੀਰ) : ਕੁੜੀ ਨੂੰ ਵਿਆਹ ਦਾ ਲਾਲਚ ਦੇ ਕੇ ਨੌਜਵਾਨ ਸਾਲਾਂ ਤੱਕ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਅਤੇ ਅਖ਼ੀਰ 'ਚ ਉਸ ਨੂੰ ਧੋਖਾ ਦੇ ਦਿੱਤਾ। ਪੁਲਸ ਨੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨੌਜਵਾਨ ਦੀ ਭਾਲ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੀੜਤ ਕੁੜੀ ਨੇ ਦੱਸਿਆ ਕਿ ਉਹ ਪੇਸ਼ੇਵਰ ਤੌਰ ’ਤੇ ਫ਼ਿਲਮ ਪ੍ਰੋਡਕਸ਼ਨ ਨਾਲ ਸਬੰਧਿਤ ਹੈ। ਕੰਮ ਦੌਰਾਨ ਉਸ ਦੀ ਮੁਲਾਕਾਤ ਉਕਤ ਮੁਲਜ਼ਮ ਨਾਲ ਹੋਈ, ਜੋ ਕਿ ਫ਼ਿਲਮ ਰਾਈਟਰ ਵਜੋਂ ਕੰਮ ਕਰਦਾ ਸੀ।
ਉਸ ਦੇ ਬਹੁਤ ਜ਼ੋਰ ਪਾਉਣ ’ਤੇ ਉਹ ਉਸ ਨਾਲ ਕੰਮ ਕਰਨ ਲਈ ਰਾਜ਼ੀ ਹੋ ਗਈ। ਇਸ ਪਿੱਛੋਂ ਉਹ ਇਕੱਠੇ ਕੰਮ ਕਰਨ ਲੱਗੇ। ਮੁਲਜ਼ਮ ਨੇ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ, ਜਿਸ ’ਤੇ ਯਕੀਨ ਕਰਕੇ ਉਹ ਦੋਵੇਂ ਇਕ ਅਪਾਰਟਮੈਂਟ ’ਚ ਪਤੀ-ਪਤਨੀ ਵਾਂਗ ਰਹਿਣ ਲੱਗੇ। ਇਸ ਦੌਰਾਨ ਮੁਲਜ਼ਮ ਦੇ ਪਰਿਵਾਰ ਨਾਲ ਵੀ ਕੁੜੀ ਦੀ ਮੁਲਾਕਾਤ ਹੋਈ। ਦੋਹਾਂ ਦੇ ਸਰੀਰਕ ਸਬੰਧ ਬਣਨ ਕਰਕੇ ਉਹ ਕਈ ਵਾਰ ਗਰਭਵਤੀ ਹੋਈ, ਪਰ ਹਰ ਵਾਰ ਮੁਲਜ਼ਮ ਨੇ ਉਸ ਨੂੰ ਗਰਭਪਾਤ ਲਈ ਮਜਬੂਰ ਕੀਤਾ। ਪੀੜਤਾ ਮੁਤਾਬਕ ਜਦੋਂ ਵੀ ਉਸ ਨੇ ਉਸ ’ਤੇ ਵਿਆਹ ਲਈ ਦਬਾਅ ਪਾਇਆ, ਉਹ ਗੱਲ ਟਾਲ ਜਾਂਦਾ ਸੀ।
ਕੁੜੀ ਨੇ ਦੱਸਿਆ ਕਿ ਉਸਦੇ ਆਪਣੇ ਨਾਂ 'ਤੇ 2 ਪ੍ਰੋਡਕਸ਼ਨ ਕੰਪਨੀਆਂ ਰਜਿਸਟਰਡ ਸਨ। ਉਸ ਦੇ ਅਜਿਹੇ ਬਦਲੇ ਤੇਵਰਾਂ ’ਤੇ ਸ਼ੱਕ ਹੋਣ ’ਤੇ ਇਸ ਦੀ ਸ਼ਿਕਾਇਤ ਕੁੜੀ ਵੱਲੋਂ ਪੁਲਸ ਨੂੰ ਦਿੱਤੀ ਗਈ। ਇਸ ’ਤੇ ਮੁਲਜ਼ਮ ਨੇ ਸਮਝੌਤਾ ਕਰਕੇ ਜਲਦੀ ਵਿਆਹ ਕਰਨ ਦਾ ਵਾਅਦਾ ਕੀਤਾ, ਜਿਸ ਪਿੱਛੋਂ ਦੋਵੇਂ ਮੁੜ ਇਕੱਠੇ ਰਹਿਣ ਲੱਗੇ ਪਰ ਇਸ ਵਾਰ ਘਰ ’ਚ ਉਹ ਦੋਵੇਂ ਵੱਖ-ਵੱਖ ਕਮਰਿਆਂ ’ਚ ਰਹਿ ਰਹੇ ਸਨ। ਇਸ ਤਰ੍ਹਾਂ ਉਸਦੇ ਰੋਜ਼-ਰੋਜ਼ ਦੇ ਤਸ਼ੱਦਦ, ਧੋਖਾਧੜੀ ਨੂੰ ਅੰਜਾਮ ਦੇਣ ਲਈ ਰਚੀ ਸਾਜ਼ਿਸ਼, ਜਿਸਮਾਨੀ ਅਤੇ ਦਿਮਾਗੀ ਤੌਰ ’ਤੇ ਪਰੇਸ਼ਾਨ ਕਰ, ਉਸਦਾ ਕੈਰੀਅਰ ਤਬਾਹ ਕਰਨ ਦੀ ਕੋਸ਼ਿਸ਼ ਤੋਂ ਤੰਗ ਆਈ ਕੁੜੀ ਵੱਲੋਂ ਇਸ ਦੀ ਸ਼ਿਕਾਇਤ ਐੱਸ. ਐੱਸ. ਪੀ. ਨੂੰ ਦਿੱਤੀ ਗਈ। ਡੀ. ਐੱਸ. ਪੀ. ਨੂੰ ਸੌਂਪੀ ਗਈ ਜਾਂਚ ’ਚ ਸ਼ਿਕਾਇਤ ਨੂੰ ਸਹੀ ਪਾਉਣ ’ਤੇ ਮੁਲਜ਼ਮ ਖ਼ਿਲਾਫ਼ ਜਬਰ-ਜ਼ਿਨਾਹ ਦਾ ਮੁਕੱਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।