ਅੱਗ ਲੱਗਣ ਨਾਲ 35 ਕਿਸ਼ਤੀਆਂ ਸੜ ਕੇ ਹੋਈਆਂ ਸੁਆਹ, ਲਾਪਤਾ ਲੋਕਾਂ ਦੀ ਭਾਲ ਜਾਰੀ

Monday, Nov 20, 2023 - 04:16 PM (IST)

ਵਿਸ਼ਾਖ਼ਾਪਟਨਮ- ਆਂਧਰਾ ਪ੍ਰਦੇਸ਼ ਦੇ ਵਿਸ਼ਾਖ਼ਾਪਟਨਮ 'ਚ ਇਕ ਘਾਟ ਵਿਚ ਅੱਗ ਲੱਗਣ ਨਾਲ ਮੱਛੀਆਂ ਫੜਨ ਵਾਲੀ 35 ਕਿਸ਼ਤੀਆਂ ਸੜ ਕੇ ਸੁਆਹ ਹੋ ਗਈਆਂ। ਪੁਲਸ ਨੇ ਉਨ੍ਹਾਂ 10-15 ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਕਿਸ਼ਤੀਆਂ 'ਤੇ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ ਸਾਢੇ 11 ਵਜੇ ਘਾਟ 'ਤੇ ਬਾਲਾਜੀ ਦੀ ਇਕ ਕਿਸ਼ਤੀ ਵਿਚ ਅੱਗ ਲੱਗ ਗਈ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਸਵੇਰੇ 4 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ। ਹਾਦਸੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। 

ਵਿਸ਼ਾਖਾਪਟਨਮ ਬੰਦਰਗਾਹ ਦੇ ਸਹਾਇਕ ਪੁਲਸ ਕਮਿਸ਼ਨਰ ਬੀ. ਮੋਸੇਸ ਪਾਲ ਨੇ ਕਿਹਾ ਕਿ ਪੁਲਸ ਅਜਿਹੇ 10-15 ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨੇ ਲੈਣ-ਦੇਣ ਨੂੰ ਲੈ ਕੇ ਝਗੜਾ ਕੀਤਾ ਸੀ। ਪਾਲ ਨੇ ਦੱਸਿਆ ਕਿ ਇਕ ਕਿਸ਼ਤੀ ਵਿਚ ਅੱਗ ਲੱਗਣ ਮਗਰੋਂ ਸਮੂਹ ਨੇ ਕਿਸ਼ਤੀ ਖੋਲ੍ਹ ਕੇ ਸਮੁੰਦਰ 'ਚ ਧਕੇਲ ਦਿੱਤੀ  ਪਰ ਉਹ ਕਿਸ਼ਤੀਆਂ ਵੱਲ ਵਾਪਸ ਚੱਲੀ ਆਈ, ਜਿਸ ਨਾਲ ਭਿਆਨਕ ਅੱਗ ਲੱਗੀ। 

ਉਨ੍ਹਾਂ ਦੱਸਿਆ ਕਿ ਅੱਗ ਵਿਸ਼ਾਖਾਪਟਨਮ ਕੰਟੇਨਰ ਟਰਮੀਨਲ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਕੋਲ ਇਕ ਖੇਤਰ ਵਿਚ ਲੱਗੀ, ਜਿੱਥੇ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਖੜ੍ਹੀਆਂ ਸਨ। ਪੁਲਸ ਨੂੰ ਝੜਪ 'ਚ ਸ਼ਾਮਲ ਲੋਕਾਂ ਦੇ ਨਾਂ ਦਾ ਪਤਾ ਲੱਗ ਗਿਆ ਹੈ। ਪਾਲ ਨੇ ਕਿਹਾ ਕਿ ਲੋਕਾਂ ਤੋਂ  ਪੁੱਛਗਿੱਛ ਮਗਰੋਂ ਹੀ ਅੱਗ ਲੱਗਣ ਦੇ ਕਾਰਨਾਂ ਬਾਰੇ ਜ਼ਿਆਦਾ ਜਾਣਕਾਰੀ ਮਿਲੇਗੀ। ਘਟਨਾ ਦੀ ਸੂਚਨਾ ਮਿਲਦੇ ਹੀ ਸ਼ਹਿਰ ਭਰ ਤੋਂ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਜਲ ਸੈਨਾ ਦੀ ਫਾਇਰ ਬ੍ਰਿਗੇਡ ਕਿਸ਼ਤੀ ਦੀ ਮਦਦ ਨਾਲ ਫੋਮ ਅਤੇ ਰੇਤ ਛਿੜਕ ਕੇ ਅੱਗ 'ਤੇ ਕਾਬੂ ਪਾਇਆ ਗਿਆ। 


Tanu

Content Editor

Related News