ਮਾਮਲਾ ਕੈਬ ਡਰਾਈਵਰ ਪ੍ਰਤੀ ਫਿਰਕੂ ਟਿੱਪਣੀਆਂ ਕਰਨ ਦਾ, ਮਲਿਆਲਮ ਅਦਾਕਾਰ ਸਣੇ 2 ਹੋਰਾਂ ਵਿਰੁੱਧ FIR ਦਰਜ
Saturday, Oct 11, 2025 - 08:42 PM (IST)

ਮੈਂਗਲੁਰੂ , (ਭਾਸ਼ਾ)- ਮਲਿਆਲਮ ਦੇ ਅਦਾਕਾਰ ਜੈਕ੍ਰਿਸ਼ਨਨ ਤੇ ਕੇਰਲ ਦੇ ਉਸ ਦੇ 2 ਸਾਥੀਆਂ ਵਿਰੁੱਧ ਇਕ ਕੈਬ ਡਰਾਈਵਰ ਪ੍ਰਤੀ ਕਥਿਤ ਤੌਰ ’ਤੇ ਫਿਰਕੂ ਟਿੱਪਣੀਆਂ ਕਰਨ ਦੇ ਦੋਸ਼ ਹੇਠ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਪੁਸਸ ਨੇ ਸ਼ਨੀਵਾਰ ਕਿਹਾ ਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਜੈਕ੍ਰਿਸ਼ਨਨ (50), ਸੰਤੋਸ਼ ਅਬ੍ਰਾਹਮ ਤੇ ਵਿਮਲ ਨੇ 9 ਅਕਤੂਬਰ ਦੀ ਰਾਤ ਨੂੰ ਬੇਜਈ ਨਿਊ ਰੋਡ ਤੋਂ ਇਕ ਟੈਕਸੀ ਬੁੱਕ ਕੀਤੀ ਸੀ। ਸ਼ੁੱਕਰਵਾਰ ਨੂੰ ਉਰਵਾ ਪੁਲਸ ਸਟੇਸ਼ਨ ’ਚ ਦਰਜ ਇਕ ਸ਼ਿਕਾਇਤ ਮੁਤਾਬਕ ਕੈਬ ਡਰਾਈਵਰ ਅਹਿਮਦ ਸ਼ਫੀਕ (32) ਪ੍ਰਤੀ ਹਿੰਦੀ ਤੇ ਮਲਿਆਲਮ ’ਚ ਫਿਰਕੂ ਟਿੱਪਣੀਆਂ ਕੀਤੀਆਂ ਗਈਆਂ ਸਨ।
ਪੁਲਸ ਅਨੁਸਾਰ ਤਿੰਨਾਂ ਨੇ ਇਕ ਮੋਬਾਈਲ ਐਪ ਰਾਹੀਂ ਕੈਬ ਬੁੱਕ ਕੀਤੀ ਸੀ ਤੇ ਆਪਣਾ ਪਤਾ ਮੈਂਗਲੁਰੂ ’ਚ ਬੇਜਈ ਨਿਊ ਰੋਡ ਦੱਸਿਆ ਸੀ। ਜਦੋਂ ਕੈਬ ਡਰਾਈਵਰ ਨੇ ਪੁਸ਼ਟੀ ਕਰਨ ਲਈ ਐਪ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਥਿਤ ਤੌਰ ’ਤੇ ਉਸ ਵਿਰੁੱਧ ਫਿਰਕੂ ਟਿੱਪਣੀਆਂ ਕੀਤੀਆਂ।