ਵਿੱਤ ਮੰਤਰਾਲੇ ਨੇ ਪੈਨਸ਼ਨ ਫੰਡ ''ਚ ਚੀਨ ਤੋਂ ਨਿਵੇਸ਼ ''ਤੇ ਪਾਬੰਦੀ ਲਾਉਣ ਦਾ ਦਿੱਤਾ ਪ੍ਰਸਤਾਵ
Sunday, Jun 21, 2020 - 01:48 AM (IST)
ਨਵੀਂ ਦਿੱਲੀ - ਭਾਰਤ ਅਤੇ ਚੀਨ ਵਿਚ ਵਧਦੇ ਤਣਾਅ ਵਿਚਾਲੇ ਵਿੱਤ ਮੰਤਰਾਲੇ ਨੇ ਚੀਨ ਸਮੇਤ ਭਾਰਤ ਦੀ ਸਰਹੱਦ ਨਾਲ ਲੱਗਦੇ ਕਿਸੇ ਵੀ ਦੇਸ਼ ਤੋਂ ਪੈਨਸ਼ਨ ਫੰਡ ਵਿਚ ਵਿਦੇਸ਼ੀ ਨਿਵੇਸ਼ 'ਤੇ ਪਾਬੰਦੀਆਂ ਲਾਉਣ ਦਾ ਪ੍ਰਸਤਾਵ ਦਿੱਤਾ ਹੈ। ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀ. ਐਫ. ਆਰ. ਡੀ. ਏ.) ਦੇ ਨਿਯਮ ਦੇ ਤਹਿਤ ਪੈਨਸ਼ਨ ਫੰਡ ਵਿਚ ਆਟੋਮੈਟਿਕ ਰੂਟ ਤੋਂ 49 ਫੀਸਦੀ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਹੈ।
ਇਸ ਸਬੰਧ ਵਿਚ ਜਾਰੀ ਨੋਟੀਫਿਕੇਸ਼ਨ ਦੇ ਮਸੌਦੇ ਮੁਤਾਬਕ ਚੀਨ ਸਮੇਤ ਭਾਰਤ ਦੀ ਸਰਹੱਦ ਨਾਲ ਲੱਗਣ ਵਾਲੇ ਕਿਸੇ ਵੀ ਦੇਸ਼ ਦੀ ਕਿਸੇ ਵੀ ਨਿਵੇਸ਼ ਇਕਾਈ ਜਾਂ ਵਿਅਕਤੀ ਦੇ ਨਿਵੇਸ਼ ਦੇ ਲਈ ਸਰਕਾਰ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ। ਸਮੇਂ-ਸਮੇਂ 'ਤੇ ਜਾਰੀ ਐਫ. ਡੀ. ਆਈ. (ਸਿੱਧਾ ਵਿਦੇਸ਼ੀ ਨਿਵੇਸ਼) ਨੀਤੀ ਦਾ ਸਬੰਧਿਤ ਪ੍ਰਾਵਧਾਨ ਅਜਿਹੇ ਮਾਮਲਿਆਂ 'ਤੇ ਲਾਗੂ ਹੋਵੇਗਾ।
ਇਸ 'ਤੇ ਸਬੰਧਿਤ ਪੱਖਾਂ ਤੋਂ ਟਿੱਪਣੀਆਂ ਮੰਗੀਆਂ ਗਈਆਂ ਹਨ। ਇਨਾਂ ਦੇਸ਼ਾਂ ਤੋਂ ਕੋਈ ਵੀ ਵਿਦੇਸ਼ੀ ਨਿਵੇਸ਼ ਸਰਕਾਰ ਦੀ ਮਨਜ਼ੂਰੀ 'ਤੇ ਨਿਰਭਰ ਕਰੇਗਾ। ਭਾਰਤ ਸਰਕਾਰ ਦੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਤਰੀਕ ਨਾਲ ਇਹ ਪਾਬੰਦੀ ਲਾਗੂ ਹੋਵੇਗੀ।