ਲੋਕ ਸਭਾ 'ਚ ਹੰਗਾਮੇ ਦਰਮਿਆਨ ਵਿੱਤ ਬਿੱਲ 2023 ਪਾਸ

03/24/2023 4:47:52 PM

ਨਵੀਂ ਦਿੱਲੀ (ਵਾਰਤਾ)- ਲੋਕ ਸਭਾ ਨੇ ਅਡਾਨੀ ਮੁੱਦੇ 'ਤੇ ਵਿਰੋਧੀ ਦਲਾਂ ਦੇ ਮੈਂਬਰਾਂ ਨੂੰ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਦੇ ਗਠਨ ਦੀ ਮੰਗ ਨੂੰ ਲੈ ਕੇ ਭਾਰੀ ਰੌਲੇ ਅਤੇ ਨਾਅਰੇਬਾਜ਼ੀ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸ਼ੁੱਕਰਵਾਰ ਨੂੰ ਸਦਨ 'ਚ ਪੇਸ਼ ਵਿੱਤ ਬਿੱਲ 2023 ਦੇ ਪ੍ਰਸਤਾਵਾਂ ਨੂੰ ਬਿਨਾਂ ਚਰਚਾ ਦੇ ਆਵਾਜ਼ ਮਤ ਨਾਲ ਪਾਸ ਕਰ ਦਿੱਤਾ। ਵਿੱਤ ਬਿੱਲ ਦੇ ਪਾਸ ਹੋਣ ਤੋਂ ਬਾਅਦ ਹੁਣ ਵਿੱਤ ਸਾਲ 2023-24 ਲਈ ਕੇਂਦਰ ਸਰਕਾਰ ਦੇ ਵਿੱਤੀ ਪ੍ਰਸਤਾਵਾਂ ਨੂੰ ਪ੍ਰਭਾਵੀ ਬਣਾਇਆ ਜਾ ਸਕੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸਦਨ ਨੇ ਵਿਰੋਧੀ ਦਲਾਂ ਦੇ ਹੰਗਾਮੇ ਦਰਮਿਆਨ ਵਿਨਿਯੋਜਨ ਬਿੱਲ 2023 ਪਾਸ ਕੀਤਾ ਸੀ। ਲੋਕ ਸਭਾ ਦੀ ਕਾਰਵਾਈ ਹੰਗਾਮੇ ਕਾਰਨ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ 12 ਵਜੇ ਮੁੜ ਸ਼ੁਰੂ ਹੋਈ ਤਾਂ ਪ੍ਰੀਜ਼ਾਈਡਿੰਗ ਅਧਿਕਾਰੀ ਰਾਜੇਂਗਰ ਅਗਰਵਾਲ ਨੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਦਰਮਿਆਨ ਜ਼ਰੂਰੀ ਦਸਤਾਵੇਜ਼ ਸਦਨ ਦੀ ਮੇਜ਼ 'ਤੇ ਰੱਖਵਾਏ। ਇਸ ਵਿਚ ਵਿੱਤ ਮੰਤਰੀ ਨੇ 2023-24 ਵਿੱਤ ਸਾਲ ਲਈ ਵਿੱਤ ਬਿੱਲ ਦੇ ਪ੍ਰਸਤਾਵ ਪੇਸ਼ ਕੀਤੇ। ਵਿੱਤ ਬਿੱਲ ਪੇਸ਼ ਕਰਦੇ ਹੋਏ ਸੀਤਾਰਮਣ ਨੇ ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪੈਨਸ਼ਨ 'ਚ ਸੁਧਾਰ ਦੀ ਗੱਲ ਵੀ ਕਹੀ।

ਵਿੱਤ ਮੰਤਰੀ ਨੇ ਬਿੱਲ ਪੇਸ਼ ਕਰਦੇ ਹੋਏ ਕਿਹਾ ਕਿ ਐੱਲ.ਆਰ.ਐੱਸ. ਦਾ ਮੁੱਦਾ ਬਹੁਤ ਉੱਠਦਾ ਹੈ ਅਤੇ ਕਿਹਾ ਕਿ ਵਿਦੇਸ਼ੀ ਦੌਰਿਆਂ 'ਤੇ ਕ੍ਰੈਡਿਟ ਕਾਰਡ ਦੇ ਭੁਗਤਾਨ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਸ ਮਾਮਲੇ 'ਚ ਲੋਕਾਂ ਦੀ ਸਹੂਲਤ ਦਾ ਧਿਆਨ ਰੱਖਣ ਲਈ ਰਿਜ਼ਰਵ ਬੈਂਕ ਨੂੰ ਅਪੀਲ ਕੀਤੀ ਗਈ। ਵਿੱਤ ਮੰਤਰੀ ਨੇ ਪੈਨਸ਼ਨ ਯੋਜਨਾ 'ਤੇ ਬੋਲਦੇ ਹੋਏ ਕਿਹਾ ਕਿ ਕਰਮਚਾਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਇਕ ਮਜ਼ਬੂਤ ਵਿਵਸਥਾ ਨੂੰ ਸਹੀ ਬਣਾਏ ਰੱਖਣ ਵਰਗੇ ਵੱਖ-ਵੱਖ ਮੁੱਦਿਆਂ 'ਤੇ ਧਿਆਨ ਦਿੰਦੇ ਹੋਏ ਪੈਨਸ਼ਨ ਪ੍ਰਣਾਲੀ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਇਸ ਕੰਮ ਲਈ ਵਿੱਤ ਸਕੱਤਰ ਦੀ ਪ੍ਰਧਾਨਗੀ 'ਚ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਵਿੱਤ ਬਿੱਲ 2023 ਦੇ ਪਾਸ ਹੁੰਦੇ ਹੀ ਪ੍ਰਾਜ਼ਾਈਡਿੰਗ ਅਧਿਕਾਰੀ ਨੇ ਮੈਂਬਰਾਂ ਨੂੰ ਸ਼ਾਂਤੀ ਬਣਾਏ ਰੱਖਣ ਅਤੇ ਆਪਣੀਆਂ-ਆਪਣੀਆਂ ਸੀਟਾਂ 'ਤੇ ਜਾਣ ਲਈ ਕਿਹਾ ਪਰ ਉਨ੍ਹਾਂ ਦੀ ਅਪੀਲ 'ਤੇ ਧਿਆਨ ਦਿੱਤੇ ਬਿਨਾਂ ਮੈਂਬਰਾਂ ਦਾ ਹੰਗਾਮਾ ਹੋਰ ਤੇਜ਼ ਹੋ ਗਿਆ, ਜਿਸ ਨੂੰ ਦੇਖਦੇ ਹੋਏ ਅਗਰਵਾਲ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।


DIsha

Content Editor

Related News