ਆਸਾਮ ਦੀ ਹੱਦਬੰਦੀ ’ਤੇ ਅੰਤਿਮ ਰਿਪੋਰਟ ਪ੍ਰਕਾਸ਼ਿਤ, ਇਕ ਲੋਕ ਸਭਾ ਤੇ 19 ਵਿਧਾਨ ਸਭਾ ਸੀਟਾਂ ਦੇ ਨਾਂ ਬਦਲੇ
Saturday, Aug 12, 2023 - 10:27 AM (IST)
ਨਵੀਂ ਦਿੱਲੀ (ਭਾਸ਼ਾ)- ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਆਸਾਮ ਵਿਚ ਵਿਧਾਨ ਸਭਾ ਅਤੇ ਸੰਸਦੀ ਹਲਕਿਆਂ ਦੀ ਹੱਦਬੰਦੀ ਬਾਰੇ ਆਪਣੀ ਅੰਤਿਮ ਰਿਪੋਰਟ ਪ੍ਰਕਾਸ਼ਿਤ ਕੀਤੀ, ਜਿਸ ਵਿਚ ਉਨ੍ਹਾਂ ਦੀ ਕੁੱਲ ਗਿਣਤੀ ਕ੍ਰਮਵਾਰ 126 ਅਤੇ 14 ’ਤੇ ਬਰਕਰਾਰ ਰੱਖੀ ਗਈ ਹੈ। ਕਮਿਸ਼ਨ ਨੇ ਆਪਣੇ ਅੰਤਿਮ ਹੁਕਮ ਵਿਚ ਇਕ ਸੰਸਦੀ ਅਤੇ 19 ਵਿਧਾਨ ਸਭਾ ਹਲਕਿਆਂ ਦੇ ਨਾਂ ਬਦਲ ਦਿੱਤੇ ਹਨ। ਚੋਣ ਕਮਿਸ਼ਨ ਦੇ ਇਕ ਬਿਆਨ ਮੁਤਾਬਕ 19 ਵਿਧਾਨ ਸਭਾ ਅਤੇ 2 ਲੋਕ ਸਭਾ ਹਲਕੇ ਅਨੁਸੂਚਿਤ ਜਨਜਾਤੀਆਂ (ਐੱਸ. ਟੀ.) ਲਈ ਰਾਖਵੇਂ ਕੀਤੇ ਗਏ ਹਨ।
ਬਿਆਨ ਦੇ ਅਨੁਸਾਰ, ਸੂਬੇ ਵਿਚ ਅਨੁਸੂਚਿਤ ਜਾਤੀਆਂ (ਐੱਸ. ਸੀ.) ਲਈ ਇਕ ਲੋਕ ਸਭਾ ਅਤੇ 9 ਵਿਧਾਨ ਸਭਾ ਹਲਕੇ ਰਾਖਵੇਂ ਕੀਤੇ ਗਏ ਹਨ। ਇਸ ’ਚ ਕਿਹਾ ਗਿਆ ਹੈ ਕਿ ਰਿਪੋਰਟ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ 1200 ਤੋਂ ਵੱਧ ਪੇਸ਼ਕਾਰੀਆਂ ’ਤੇ ਵਿਚਾਰ ਕੀਤਾ ਗਿਆ ਸੀ। ਕਮਿਸ਼ਨ ਨੂੰ ਮਿਲੇ ਸੁਝਾਵਾਂ ਤੇ ਇਤਰਾਜ਼ਾਂ ਵਿਚੋਂ 45 ਫੀਸਦੀ ਦਾ ਨਿਪਟਾਰਾ ਅੰਤਿਮ ਹੁਕਮਾਂ ਵਿਚ ਕੀਤਾ ਗਿਆ। ਸੂਬੇ ਦੇ ਸਾਰੇ ਵਿਧਾਨ ਸਭਾ ਅਤੇ ਸੰਸਦੀ ਹਲਕਿਆਂ ਦੀ ਹੱਦਬੰਦੀ 2001 ਦੀ ਮਰਦਮਸ਼ੁਮਾਰੀ ਦੇ ਆਧਾਰ ’ਤੇ ਕੀਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਸਿਰਫ ਮਰਦਮਸ਼ੁਮਾਰੀ ਕਮਿਸ਼ਨਰ ਵਲੋਂ ਪ੍ਰਕਾਸ਼ਿਤ 2001 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਨੂੰ ਇਸ ਉਦੇਸ਼ ਲਈ ਵਿਚਾਰਿਆ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8