...ਜਦੋਂ ਮਹਿਲਾ ਸਰਪੰਚ ਨੇ ਇਨਸਾਫ ਲਈ ਮੁੱਖ ਮੰਤਰੀ ਖੱਟੜ ਦੇ ਪੈਰਾਂ ’ਚ ਸੁੱਟੀ ਚੁੰਨੀ
Tuesday, May 16, 2023 - 10:23 AM (IST)
ਸਿਰਸਾ (ਲਲਿਤ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਸੋਮਵਾਰ ਨੂੰ ਰਾਣੀਆਂ ਹਲਕੇ ਦੇ ਪਿੰਡ ਬਣੀ ’ਚ ਜਨਸੰਵਾਦ ਪ੍ਰੋਗਰਾਮ ਚੱਲ ਰਿਹਾ ਸੀ। ਇਸ ਦੌਰਾਨ ਬਣੀ ਪਿੰਡ ਦੀ ਮਹਿਲਾ ਸਰਪੰਚ ਨੈਨਾ ਝੋਰੜ ਨੇ ਮੁੱਖ ਮੰਤਰੀ ਕੋਲੋਂ ਆਪਣੇ ਪਤੀ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ’ਚ ਇਨਸਾਫ ਦੀ ਮੰਗ ਕੀਤੀ। ਮਹਿਲਾ ਸਰਪੰਚ ਨੇ ਗੁੱਸੇ ’ਚ ਆ ਕੇ ਆਪਣੇ ਸਿਰ ਤੋਂ ਚੁੰਨੀ ਉਤਾਰ ਮੁੱਖ ਮੰਤਰੀ ਖੱਟੜ ਦੇ ਪੈਰਾਂ ’ਚ ਸੁੱਟ ਦਿੱਤੀ।
ਮੁੱਖ ਮੰਤਰੀ ਨੇ ਮਹਿਲਾ ਸਰਪੰਚ ਨੂੰ ਸਟੇਜ ਤੋਂ ਥੱਲੇ ਉਤਾਰਨ ਦੇ ਹੁਕਮ ਦੇ ਦਿੱਤੇ। ਮਹਿਲਾ ਸੁਰੱਖਿਆ ਅਧਿਕਾਰੀ ਸਰਪੰਚ ਨੈਨਾ ਝੋਰੜ ਨੂੰ ਸਟੇਜ ਤੋਂ ਹੇਠਾਂ ਘਸੀਟ ਕੇ ਲੈ ਗਏ। ਮਾਮਲੇ ਅਨੁਸਾਰ ਬਣੀ ਪਿੰਡ ’ਚ ਸੋਮਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਪ੍ਰੋਗਰਾਮ ਸੀ। ਇਸ ਦੌਰਾਨ ਪਿੰਡ ਦੀ ਸਰਪੰਚ ਨੈਨਾ ਝੋਰੜ ਨੇ ਮੁੱਖ ਮੰਤਰੀ ਅੱਗੇ ਸ਼ਿਕਾਇਤ ਰੱਖੀ ਕਿ ਉਸ ਦੇ ਪਤੀ ’ਤੇ ਕੁਝ ਦਿਨ ਪਹਿਲਾਂ ਜਾਨਲੇਵਾ ਹਮਲਾ ਹੋਇਆ ਸੀ। ਉਸ ਮਾਮਲੇ ’ਚ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਮੁੱਖ ਮੰਤਰੀ ਨੇ ਸਰਪੰਚ ਦੀ ਇਸ ਗੱਲ ਨੂੰ ਅਣਸੁਣਿਆ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਪੰਚ ਨੈਨਾ ਝੋਰੜ ਨੇ ਆਪਣੇ ਸਿਰ ਤੋਂ ਚੁੰਨੀ ਉਤਾਰੀ ਅਤੇ ਮੁੱਖ ਮੰਤਰੀ ਦੇ ਪੈਰਾਂ ’ਚ ਸੁੱਟ ਦਿੱਤੀ।
ਨੈਨਾ ਝੋਰੜ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਮੇਰੇ ਪਿਓ ਬਰਾਬਰ ਹੋ, ਇਸ ਕਰ ਕੇ ਮੈਨੂੰ ਇਨਸਾਫ ਚਾਹੀਦਾ ਹੈ। ਮੁੱਖ ਮੰਤਰੀ ਨੂੰ ਨੈਨਾ ਝੋਰੜ ਦਾ ਇਹ ਵਿਵਹਾਰ ਚੰਗਾ ਨਹੀਂ ਲੱਗਾ ਅਤੇ ਉਨ੍ਹਾਂ ਨੇ ਸੁਰੱਖਿਆ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਸਰਪੰਚ ਨੂੰ ਸਟੇਜ ਤੋਂ ਹੇਠਾਂ ਉਤਾਰ ਦਿਓ। ਇਸ ਘਟਨਾ ਤੋਂ ਬਾਅਦ ਪ੍ਰੋਗਰਾਮ ’ਚ ਆਏ ਪਿੰਡ ਵਾਲਿਆਂ ਨੇ ਮਹਿਲਾ ਸਰਪੰਚ ਦੇ ਸਮਰਥਨ ’ਚ ਖੜ੍ਹੇ ਹੋ ਕੇ ਹੰਗਾਮਾ ਕੀਤਾ। ਪਿੰਡ ਵਾਲੇ ਉਠ ਕੇ ਘਰਾਂ ਵੱਲ ਤੁਰ ਪਏ। ਫਿਰ ਮੁੱਖ ਮੰਤਰੀ ਖੱਟੜ ਨੇ ਲੋਕਾਂ ਨੂੰ ਘਰ ਜਾਂਦਾ ਦੇਖ ਕੇ ਪ੍ਰੋਗਰਾਮ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ।